ਚੈਕਿੰਗ ਟੀਮਾਂ ਸਕੂਲਾਂ ਦੇ ਦੌਰੇ ਸਮੇਂ ਡਰ ਜਾਂ ਦਹਿਸ਼ਤ ਦਾ ਮਾਹੌਲ ਬਣਾਉਣ ਤੋਂ ਗੁਰੇਜ਼ ਕਰਨ
ਚੰਡੀਗੜ੍ਹ, 3 ਅਗਸਤ -ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਸਕੂਲਾਂ ਦੀ ਚੈਕਿੰਗ ਕਰਨ ਵਾਲੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸਕੂਲਾਂ ਦੇ ਦੌਰਿਆਂ ਮੌਕੇ ਅਧਿਆਪਕਾਂ ਦਾ ਪੂਰਾ ਸਤਿਕਾਰ ਕੀਤਾ ਜਾਵੇ ਅਤੇ ਸਕੂਲ ਦੇ ਦੌਰੇ ਸਮੇਂ ਕਿਸੇ ਕਿਸਮ ਦਾ ਡਰ ਜਾਂ ਦਹਿਸ਼ਤ ਦਾ ਮਾਹੌਲ ਨਾ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਕੂਲ ਦੀ ਚੈਕਿੰਗ ਦੌਰਾਨ ਕਿਸੇ ਵੀ ਅਧਿਆਪਕ ਤੋਂ ਵਿਦਿਆਰਥੀਆਂ ਸਾਹਮਣੇ ਕੋਈ ਵੀ ਸਵਾਲ ਨਾ ਪੁੱਛਿਆ ਜਾਵੇ। ਸਿੱਖਿਆ ਮੰਤਰੀ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਇਨ੍ਹਾਂ ਹਦਾਇਤਾਂ ਦੀ ਪਾਲਣਾ ਸਬੰਧੀ ਲਿਖਤੀ ਆਦੇਸ਼ ਜਾਰੀ ਕੀਤੇ ਗਏ ਹਨ। ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਸਕੂਲਾਂ ਦੀ ਚੈਕਿੰਗ ਦੌਰਾਨ ਟੀਮਾਂ ਵੱਲੋਂ ਅਧਿਆਪਕਾਂ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਹੈ ਅਤੇ ਕਈ ਵਾਰ ਦਹਿਸ਼ਤ ਦਾ ਮਾਹੌਲ ਸਿਰਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਚੈਕਿੰਗ ਟੀਮਾਂ ਵੱਲੋਂ ਅਜਿਹਾ ਮਾਹੌਲ ਸਿਰਜਣ ਕਾਰਨ ਅਧਿਆਪਕ ਘਬਰਾਹਟ ਵਿੱਚ ਆ ਜਾਂਦੇ ਹਨ ਅਤੇ ਉਹ ਪੂਰਾ ਗਿਆਨ/ਜਾਣਕਾਰੀ ਹੋਣ ਦੇ ਬਾਵਜੂਦ ਸਹੀ ਢੰਗ ਨਾਲ ਸਵਾਲਾਂ ਦਾ ਜਵਾਬ ਨਹੀਂ ਦੇ ਪਾਉਂਦੇ ਜਦੋਂ ਕਿ ਅਧਿਆਪਕ ਆਪਣੇ ਗਿਆਨ, ਤਜ਼ਰਬੇ ਤੇ ਯੋਗਤਾ ਕਰਕੇ ਆਪਣੇ ਵਿਸ਼ੇ ਦੀ ਪੂਰੀ ਸਮਝ ਰੱਖਦਾ ਹੈ। ਉਨ੍ਹਾਂ ਕਿਹਾ ਕਿ ਚੈਕਿੰਗ ਟੀਮਾਂ ਵੱਲੋਂ ਅਧਿਆਪਕਾਂ ਦਾ ਪੂਰਾ ਸਤਿਕਾਰ ਕੀਤਾ ਜਾਵੇ।