ਨਸ਼ਿਆਂ ਦੇ ਆਦੀ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਤੋਂ ਮੁਕਤ ਕਰਕੇ ਸਵੈ-ਮਾਣ ਵਾਲਾ ਜੀਵਨ ਜੀਊਣ ਦੇ ਬਣਾਇਆ ਜਾਵੇਗਾ ਯੋਗ
ਜਲੰਧਰ, 1 ਅਗਸਤ-ਪੁਲੀਸ ਕਮਿਸ਼ਨਰੇਟ ਵੱਲੋਂ ਜਲੰਧਰ ਸ਼ਹਿਰ ਨੂੰ ਮੁਕੰਮਲ ਰੂਪ ‘ਚ ਨਸ਼ਾ ਮੁਕਤ ਬਣਾਉਣ ਲਈ ਨਿਵੇਕਲੀ ਪੁਲਾਂਘ ਪੁੱਟਦਿਆਂ ਨਸ਼ੇ ਦੇ ਆਦੀ ਨੌਜਵਾਨਾਂ ਦੀ ਨਸ਼ਾਮੁਕਤੀ ਅਤੇ ਮੁੜਵਸੇਬੇ ਲਈ ਵਿਸ਼ੇਸ਼ ਮੁਹਿੰਮ ਵਿੱਢਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਨਸ਼ੇ ਤੋਂ ਪ੍ਰਭਾਵਿਤ ਨੌਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਸਕੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਕਮਿਸ਼ਨਰ ਸ੍ਰੀ ਪ੍ਰਵੀਨ ਕੁਮਾਰ ਸਿਨਹਾ ਨੇ ਦੱਸਿਆ ਕਿ ਇਹ ਵਿਸ਼ੇਸ਼ ਮੁਹਿੰਮ ਵਿੱਢਣ ਪਿਛੇ ਮੰਤਵ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਿਆਂ ਦੀ ਜਕੜ ਵਿਚੋਂ ਕੱਢਣ ਅਤੇ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਾਨਸਿਕ ਪੀੜ ਤੋਂ ਬਚਾਉਣ ਲਈ ਪੁਲੀਸ ਵੱਲੋਂ ਸਹਾਇਤਾ ਭਰਿਆ ਹੱਥ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਆਦੀ ਨੌਜਵਾਨ ਜਾਂ ਉਨ੍ਹਾਂ ਦੇ ਪਰਿਵਾਰ ਨਸ਼ਾ ਮੁਕਤੀ ਅਤੇ ਮੁੜਵਸੇਬੇ ਸਬੰਧੀ ਇਸ ਮੁਹਿੰਮ ਦਾ ਲਾਭ ਲੈਣ ਲਈ ਆਪਣੇ ਖੇਤਰ ਦੇ ਪੁਲੀਸ ਥਾਣੇ ਪਾਸ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਜਾਂ ਡਿਪਟੀ ਕਮਿਸ਼ਨਰ ਪੁਲੀਸ ਸ੍ਰੀ ਰਾਜਿੰਦਰ ਸਿੰਘ ਅਤੇ ਡਿਪਟੀ ਕਮਿਸ਼ਨਰ ਪੁਲੀਸ (ਇਨਵੈਸਟੀਗੇਸ਼ਨ) ਸ੍ਰੀ ਗੁਰਮੀਤ ਸਿੰਘ ਜਾਂ ਕਿਸੇ ਵੀ ਹੋਰ ਉਚ ਪੁਲੀਸ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਸ਼ਾ ਮੁਕਤੀ ਦੇ ਇਲਾਜ ਦੀ ਇਹ ਸਹੂਲਤ ਬਿਲਕੁਲ ਮੁਫਤ ਹੋਵੇਗੀ ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ਦਾ ਲਾਭ ਨਸ਼ਿਆਂ ਦੇ ਆਦੀ ਨੌਜਵਾਨਾਂ ਦੇ
ਪਰਿਵਾਰ ਉਠਾਕੇ ਆਪਣੇ ਨੌਜਵਾਨ ਬੱਚਿਆਂ ਨੂੰ ਨਸ਼ਿਆਂ ਦੀ ਲਤ ਤੋਂ ਮੁਕਤ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਲਾਜ ਲਈ ਰਜਿਸਟ੍ਰਡ ਹੋਣ ਵਾਲੇ ਹਰ ਨੌਜਵਾਨ ਦੀ ਨਸ਼ਾ ਮੁਕਤੀ ਲਈ ਇਲਾਜ ਤੇ ਮੁੜਵਸੇਬੇ ਲਈ ਨਸ਼ਾਮੁਕਤੀ ਤੇ ਮੁੜਵਸੇਬਾ ਕੇਂਦਰ ਵਿਖੇ ਇਲਾਜ ਨੂੰ ਯਕੀਨੀ ਬਣਾਇਆ ਜਾਵੇਗਾ। ਲੋਕਾਂ ਨੂੰ ਪੁਲੀਸ ਦੇ ਇਸ ਸੁਹਿਰਦ ਉਪਰਾਲੇ ‘ਚ ਸਹਿਯੋਗ ਦੀ ਅਪੀਲ ਕਰਦਿਆਂ ਸ੍ਰੀ ਸਿਨਹਾ ਨੇ ਕਿਹਾ ਕਿ ਇਸ ਖਾਤਰ ਸਾਂਝੇ ਹੰਭਲੇ ਦੀ ਜ਼ਰੂਰਤ ਹੈ ਤਾਂ ਜੋ ਸ਼ਹਿਰ ਨੂੰ ਮੁਕੰਮਲ ਰੂਪ ਵਿੱਚ ਨਸ਼ਾ ਮੁਕਤ ਬਣਾਇਆ ਜਾ ਸਕੇ ਅਤੇ ਨਸ਼ਿਆਂ ਦੀ ਲਤ ਤੋਂ ਪ੍ਰਭਾਵਿਤ ਨੌਜਵਾਨਾਂ ਨੂੰ ਨਸ਼ਾਮੁਕਤ ਕਰਕੇ ਉਨ੍ਹਾਂ ਨੂੰ ਮਾਣ ਤੇ ਸਵੈਭਰੋਸੇ ਵਾਲਾ ਜੀਵਨ ਬਤੀਤ ਕਰਨ ਦੇ ਯੋਗ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਤਹਿਤ ਜਲੰਧਰ ਸ਼ਹਿਰ ਨੂੰ ਸ਼ਹਿਰ ਵਾਸੀਆਂ ਦੇ ਸਹਿਯੋਗ ਸਦਕਾ ਮੁਕੰਮਲ ਰੂਪ ਵਿੱਚ ਨਸ਼ਾ ਮੁਕਤ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦ ਹੀ ਪੁਲੀਸ ਕਮਿਸ਼ਨਰੇਟ ਵੱਲੋਂ ਇਸ ਸਬੰਧੀ ਵਿਸਤਾਰਥ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ।