2019 ’ਚ ਨਰਿੰਦਰ ਮੋਦੀ ਹੀ ਬਣਨਗੇ ਮੁੜ ਪ੍ਰਧਾਨ ਮੰਤਰੀ : ਨਿਤਿਸ਼ ਦਾ ਦਾਅਵਾ

ਸ੍ਰੀ ਮੋਦੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ

ਨਵੀਂ ਦਿੱਲੀ/ਪਟਨਾ, 31 ਜੁਲਾਈ- ਬਿਹਾਰ ਵਿੱਚ ਐਨਡੀਏ ਦੀ ਨਵੀਂ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਜੰਮ ਕੇ ਤਾਰੀਫ ਕਰਦੇ ਹੋਏ ਆਖਿਆ ਹੈ ਕਿ ਸ੍ਰੀ ਮੋਦੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਅਤੇ 2019 ਵਿੱਚ ਉਹ ਮੁੜ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਉਨ੍ਹਾਂ ਵਿੱਚ ਪ੍ਰਧਾਨ ਮੰਤਰੀ ਬਣਨ ਦੀ ਪੂਰੀ ਸਮਰਥਾ ਹੈ। 2019 ਦੀਆਂ ਲੋਕ ਸਭਾ ਚੋਣਾਂ ਵੀ ਉਨ੍ਹਾਂ ਦੀ ਅਗਵਾਈ ਹੇਠ ਲੜ ਕੇ ਜਿੱਤਾਂਗੇ। ਸੋਮਵਾਰ ਨੂੰ ਪਟਨਾ ਵਿਖੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਆਪਣੇ ’ਤੇ ਲੱਗੇ ਦੋਸ਼ਾਂ ਦੇ ਜਵਾਬ ਵੀ ਦਿੱਤੇ। ਕਾਂਗਰਸ ਨੂੰ ਉਨ੍ਹਾਂ ਨੇ ਸਪਸ਼ਟ ਸੰਕੇਤ ਦਿੱਤਾ ਹੈ ਕਿ ਜਨਤਾ ਦਲ ਯੂ ਜਲਦ ਹੀ ਕੌਮੀ ਪੱਧਰ ’ਤੇ ਐਨਡੀਏ ਦਾ ਹਿੱਸਾ ਬਣ ਜਾਵੇਗਾ। ਲੋਕ ਸਭਾ ਦੀਆਂ ਆਮ ਚੋਣਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਦਾ ਮੁਕਾਬਲਾ ਕਰਨ ਦੀ ਕਿਸੇ ਵੀ ਨੇਤਾ ਵਿੱਚ ਸਮਰਥਾ ਨਹੀਂ ਹੈ ਅਤੇ ਅਗਲੀ ਵਾਰ ਵੀ ਕੇਂਦਰ ਵਿੱਚ ਸੱਤਾ ’ਤੇ ਕੋਈ ਦੂਸਰਾ ਕਾਬਜ਼ ਨਹੀਂ ਹੋ ਸਕਦਾ।
ਮੁੱਖ ਮੰਤਰੀ ਨੇ ਕਿਹਾ ਕਿ ਬਿਹਾਰ ਵਿੱਚ ਜਨਤਾ ਦਲ ਯੂ ਦੀ ਮਾਨਤਾ ਪ੍ਰਾਪਤ ਪਾਰਟੀ ਹੈ। ਪਾਰਟੀ ਦੀ ਬਿਹਾਰ ਇਕਾਈ ਨੇ ਇੱਥੇ ਭਾਜਪਾ ਨਾਲ ਸਰਕਾਰ ਬਣਾਉਣ ਦਾ ਨਿਰਣਾ ਲਿਆ ਹੈ। ਰਾਸ਼ਟਰੀ ਪੱਧਰ ’ਤੇ ਜੇਡੀਯੂ ਨੇ ਕੀ ਕਰਨਾ ਹੈ ਇਸ ਦਾ ਨਿਰਣਾ 19 ਅਗਸਤ ਨੂੰ ਪਟਨਾ ਵਿੱਚ ਹੋ ਰਹੀ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਵਿੱਚ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਡੀਯੂ ਦੀ ਇਹ ਹੈਸੀਅਤ ਨਹੀਂ ਹੈ ਕਿ ਉਹ ਕੌਮੀ ਪੱਧਰ ’ਤੇ ਕੋਈ ਵੱਡਾ ਸੁਪਨਾ ਪਾਲੇ। ਰਾਜਨੀਤੀ ਵਿੱਚ ਬਿਹਾਰ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਹੀ ਉਹ ਰਾਜ ਦੀ ਸੇਵਾ ਕਰਨੀ ਸਭ ਤੋਂ ਵੱਡਾ ਧਰਮ ਸਮਝਦੇ ਹਨ। ਮੁੱਖ ਮੰਤਰੀ ਨੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕਾਂਗਰਸ ਦੇ ਨਾਲ ਸੰਕਟ ਇਹ ਸੀ ਕਿ ਅਸੀਂ ਮਦਦ ਕਰਨਾ ਚਾਹੁੰਦੇ ਸੀ ਪਰ ਮੇਰੀ ਭੂਮਿਕਾ ਉਨ੍ਹਾਂ ਨੂੰ ਪਸੰਦ ਨਹੀਂ ਸੀ। ਅਸੀਂ ਸਹਿਯੋਗੀ ਹੋ ਸਕਦੇ ਸੀ ਪਰ ਪਿਛਲਗ ਨਹੀਂ। ਉਨ੍ਹਾਂ ਕਿਹਾ ਕਿ ਬਿਹਾਰ ਵਿੱਚ ਜੋ ਵੀ ਹੋਇਆ ਉਸ ਦੀ ਕੋਈ ਯੋਜਨਾ ਨਹੀਂ ਸੀ। ਮੇਰੇ ਸਾਹਮਣੇ ਕੋਈ ਦੂਸਰਾ ਰਸਤਾ ਹੀ ਨਹੀਂ ਸੀ। ਅਸੀਂ ਆਪਣੀ ਸਮਰਥਾ ਮੁਤਾਬਿਕ ਮਹਾਗਠਬੰਧਨ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਭ੍ਰਿਸ਼ਟਾਚਾਰ ਨਾਲ ਸਮਝੌਤਾ ਕਿਸ ਤਰ੍ਹਾਂ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਦਿੱਤੇ ਵਚਨ ਮੁਤਾਬਿਕ ਉਨ੍ਹਾਂ ਦੀ ਪਾਰਟੀ ਉਪ ਰਾਸ਼ਟਰਪਤੀ ਦੀ ਚੋਣ ਵਿੱਚ ਯੂਪੀਏ ਦੇ ਉਮੀਦਵਾਰ ਗੋਪਾਲ ਕ੍ਰਿਸ਼ਨਨ ਗਾਂਧੀ ਨੂੰ ਸਮਰਥਨ ਦੇਵੇਗੀ।

Send this to a friend