ਸਾਹਿਤ ਸਿਰਫ਼ ਵਿਅਕਤੀਗਤ ਮਨ ਪਰਚਾਵਾ ਜਾਂ ਸੁਆਦ ਨਹੀਂ : ਡਾ. ਕਰਾਂਤੀਪਾਲ

ਮਾਨਸਾ, 26 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਅਦਬ ਲੋਕ ਮਾਨਸਾ ਵੱਲੋਂ ਲੜੀਵਾਰ ਰੂ-ਬਰੂ ਸਮਾਗਮ ‘ਬੈਠਕ’ ਦੌਰਾਨ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਅਲੀਗੜ੍ਹ ਦੇ ਪ੍ਰੋਫੈਸਰ ਤੇ ‘ਕਹਾਣੀ ਪੰਜਾਬ’ ਦੇ ਸੰਪਾਦਕ, ਆਲੋਚਕ ਤੇ ਸ਼ਾਇਰ ਡਾ: ਕਰਾਂਤੀਪਾਲ ਨਾਲ ਸੰਵਾਦ ਕਰਨ ਮੌਕੇ ਉਨ੍ਹਾਂ ਦੀ ਨਿਬੰਧ-ਪੁਸਤਕ ‘ਵਾਦ ਵਿਵਾਦ ਸੰਵਾਦ’ ਨੂੰ ਜਾਰੀ ਕੀਤਾ। ਡਾ: ਕਰਾਂਤੀਪਾਲ ਨੇ ਸਿਰਜਣ-ਪ੍ਰਕਿਰਿਆ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਹਿਤ ਸਿਰਫ਼ ਵਿਅਕਤੀਗਤ ਮਨ ਪਰਚਾਵਾ ਜਾਂ ਸੁਆਦ ਨਹੀਂ ਹੈ। ‘ਵਾਦ ਵਿਵਾਦ ਸੰਵਾਦ’ ਵਿਚ ਉਨ੍ਹਾਂ ਨੇ ਇਹੋ ਗੱਲ ’ਤੇ ਜ਼ੋਰ ਦੇਣ ਦਾ ਯਤਨ ਕੀਤਾ ਹੈ। ਉਨ੍ਹਾਂ ਵਿਸ਼ਵ ਦੇ ਵੱਖ-ਵੱਖ ਖਿੱਤਿਆਂ ਵਿਚ ਵਾਪਰ ਰਹੀਆਂ ਘਟਨਾਵਾਂ ਦੇ ਵੇਰਵੇ ਦਿੰਦਿਆਂ ਉਨ੍ਹਾਂ ਦੇ ਪ੍ਰਭਾਵਾਂ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ। ਕਰਾਂਤੀਪਾਲ ਨੇ ਕਿਤਾਬ ਵਿਚੋਂ ਇਕ ਨਿਬੰਧ ‘ ਜੁਗਾੜ ਦੀ ਕੋਈ ਪਰਿਭਾਸ਼ਾ ਨਹੀਂ ਹੁੰਦੀ’ ਪੜ੍ਹ ਕੇ ਸੁਣਾਇਆ। ਡਾ: ਜਗਤਾਰ ਸਿੰਘ ਜੋਗਾ, ਕਹਾਣੀਕਾਰ ਦਰਸ਼ਨ ਜੋਗਾ ਤੇ ਪ੍ਰਧਾਨਗੀ ਕਰ ਰਹੇ ਸ਼ਾਇਰ ਰਾਜਵਿੰਦਰ ਮੀਰ ਨੇ ਕਿਹਾ ਕਿ ਕਰਾਂਤੀਪਾਲ ਨੇ ਅੱਜ ਦੇ ਸਮੇਂ ਦੀਆਂ ਉਨ੍ਹਾਂ ਗੱਲਾਂ ਨੂੰ ਸਾਹਮਣੇ ਲਿਆਂਦਾ ਹੈ ਜੋ ਪਿਛਾਂਹ ਧੱਕੀਆਂ ਜਾ ਰਹੀਆਂ ਹਨ। ਸੁਆਲਾਂ-ਜੁਆਬਾਂ ਦੇ ਸਿਲਸਿਲੇ ਵਿਚ ਬਲਵਿੰਦਰ ਸਿੰਘ ਧਾਲੀਵਾਲ, ਪ੍ਰੋ: ਰਾਵਿੰਦਰ ਸਿੰਘ, ਹਰਿਭਜਨ ਸਿੱਧੂ ਮਾਨਸਾ ਤੇ ਸ਼ਾਇਰ ਅੰਮ੍ਰਿਤ ਸਮਿਤੋਜ ਨੇ ਸੰਵਾਦ ਨੂੰ ਅੱਗੇ ਤੋਰਿਆ। ਮੰਚ-ਸੰਚਾਲਨ ਸ਼ਾਇਰ ਗੁਰਪ੍ਰੀਤ ਨੇ ਕੀਤਾ ਤੇ ਸੰਸਥਾ ਦੇ ਪ੍ਰਧਾਨ ਸ਼ਾਇਰ ਬਲਵੰਤ ਭਾਟੀਆਂ ਨੇ ਧੰਨਵਾਦ ਕਰਦਿਆਂ ਕਿਹਾ ਕਿ ਅਦਬ ਲੋਕ ਦੀ ਬੈਠਕ ਇਕ ਅਜਿਹਾ ਮੰਚ ਹੈ ਜਿੱਥੋਂ ਵਿਦਵਾਨਾਂ ਨੂੰ ਆਪਣੀ ਗੱਲ ਨਿਰਸੰਕੋਚ ਕਹਿਣ ਦਾ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ।
ਇਸ ਮੌਕੇ ਗੀਤਕਾਰ ਗੁਰਚੇਤ ਸਿੰਘ ਫੱਤੇਵਾਲੀਆ, ਬਲਜਿੰਦਰ ਸੰਗੀਲਾ, ਨਰਿੰਦਰ ਸਿੰਘ ਮੋਹਲ, ਮਾਸਟਰ ਬਲਜਿੰਦਰ ਸਿੰਘ, ਕਹਾਣੀਕਾਰ ਅਨੇਮਨ ਸਿੰਘ, ਗੁਰਚਰਨ ਸਿੰਘ ਜ਼ਿਲ੍ਹੇਦਾਰ, ਮਨਦੀਪ ਸਿੰਘ ਵਾਲੀਆ ਤੇ ਹੈਪੀ ਰਮਦਿੱਤੇਵਾਲਾ ਸ਼ਾਮਿਲ ਹੋਏ।

Send this to a friend