ਧੂਰੀ, 26 ਜੁਲਾਈ (ਸੰਜੀਵ ਸਿੰਗਲਾ)- ਭਾਰਤ ਦੀ ਅਜ਼ਾਦੀ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ’ਤੇ 31 ਜੁਲਾਈ ਨੂੰ ਪੰਜਾਬ ਸਰਕਾਰ ਵੱਲੋਂ ਨਵੀਂ ਅਨਾਜ ਮੰਡੀ, ਸੁਨਾਮ ਊਧਮ ਸਿੰਘ ਵਾਲਾ ਵਿਖੇ ਮਨਾਏ ਜਾਣ ਵਾਲੇ ਰਾਜ ਪਧਰ ਦੇ ਸਮਾਗਮ ਦੇ ਪ੍ਰਬੰਧਾਂ ਦਾ ਅਗੇਤੇ ਤੌਰ ‘ਤੇ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰ. ਅਮਰਪ੍ਰਤਾਪ ਸਿੰਘ ਵਿਰਕ ਨੇ ਸਮਾਰੋਹ ਵਾਲੇ ਸਥਾਨ ‘ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਮੁਚੇ ਪ੍ਰਬੰਧ ਸਫ਼ਲਤਾ ਨਾਲ ਸਮਾਂ ਰਹਿੰਦੇ ਨੇਪਰੇ ਚੜ੍ਹਾਉਣ ਦੀ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਸ੍ਰੀ ਵਿਰਕ ਨੇ ਕਾਰਜ ਸਾਧਕ ਅਫਸਰ ਸੁਨਾਮ ਨੂੰ ਸਮਾਰੋਹ ਵਾਲੇ ਸਥਾਨ ਤੋਂ ਇਲਾਵਾ ਸ਼ਹੀਦੀ ਸਮਾਰਕ ਅਤੇ ਸ਼ਹਿਰ ਦੇ ਆਲੇ-ਦੁਆਲੇ ਵਧੀਆ ਢੰਗ ਨਾਲ ਸਫ਼ਾਈ ਕਰਵਾਉਣ ਦੀ ਹਦਾਇਤ ਕੀਤੀ। ਉਨ੍ਹਾਂ ਸੈਕਟਰੀ ਮੰਡੀ ਬੋਰਡ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੇ ਪੀਣ ਲਈ ਸਾਫ਼ ਪਾਣੀ ਦਾ ਪ੍ਰਬੰਧ ਯਕੀਨੀ ਬਣਾਉਣ ਦੇ ਨਾਲ-ਨਾਲ ਪਾਣੀ ਵਾਲੇ ਟੈਂਕਰ ਖੜ੍ਹਾ ਕਰਨ ਵਾਲੀ ਥਾਂ ’ਤੇ ਪਾਣੀ ਦੇ ਨਿਕਾਸ ਦਾ ਪਕਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਮਾਗਮ ’ਚ ਸਮੂਲੀਅਤ ਕਰਨ ਆਏ ਲੋਕਾਂ ਨੂੰ ਕੋਈ ਦਿਕਤ ਪੇਸ਼ ਨਾ ਆਵੇ।ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਵਿਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀ ਕੀਤੀ ਜਾਵੇਗੀ।ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹਰਮਨ ਬਾਜਵਾ, ਵਧੀਕ ਡਿਪਟੀ ਕਮਿਸ਼ਨਰ ਜਨਰਲ ਉਪਕਾਰ ਸਿੰਘ, ਸਹਾਇਕ ਕਮਿਸ਼ਨਰ ਜਨਰਲ ਦੀਪਜੋਤ ਕੌਰ, ਐਸ.ਡੀ.ਐਮ ਸੁਨਾਮ ਰਾਜਦੀਪ ਸਿੰਘ ਬਰਾੜ, ਡੀ.ਐਸ.ਪੀ. ਵਿਲੀਅਮਜੀਤ ਸਿੰਘ ਜੇਜੀ, ਸਹਾਇਕ ਸਿਵਲ ਸਰਜਨ ਡਾ. ਸੁਰਿੰਦਰ ਸਿੰਗਲਾ, ਸੈਕਟਰੀ ਜ਼ਿਲ੍ਹਾ ਪ੍ਰੀਸ਼ਦ ਪ੍ਰੀਤ ਮਹਿੰਦਰ ਸਿੰਘ ਸਹੋਤਾ, ਏ.ਡੀ.ਟੀ.ਓ ਸਤਨਾਮ ਸਿੰਘ ਛੀਨਾ, ਜ਼ਿਲ੍ਹਾ ਮੰਡੀ ਅਫ਼ਸਰ ਦਰਸ਼ਨ ਕੁਮਾਰ ਅਤੇ ਹੋਰ ਅਧਿਕਾਰੀ ਤੇ ਆਗੂ ਵੀ ਹਾਜ਼ਰ ਸਨ।