ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਧਰਮ ਪ੍ਰਚਾਰ ਲਹਿਰ ਤਹਿਤ ਵਿਸ਼ਾਲ ਗੁਰਮਤਿ ਸਮਾਗਮ

ਧਰਮ ਪ੍ਰਚਾਰ ਲਹਿਰ ਦਾ ਮਕਸਦ ਸਮਾਜ ਨੂੰ ਕੁਰੀਤੀਆਂ ਵਿਰੁੱਧ ਜਾਗਰੂਕ ਕਰਨਾ : ਪ੍ਰੋ. ਕਿਰਪਾਲ ਸਿੰਘ ਬਡੂੰਗਰ

ਫਤਹਿਗੜ੍ਹ ਸਾਹਿਬ/ਮੰਡੀ ਗੋਬਿੰਦਗੜ੍ਹ, 25 ਜੁਲਾਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਦੇ ਅਗਲੇ ਪੜਾਅ ਤਹਿਤ ਅੱਜ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਕਰਵਾਏ ਗਏ ਮਹਾਨ ਗੁਰਮਤਿ ਸਮਾਗਮ ਸਮੇਂ ਬੋਲਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿੱਖ ਇਤਿਹਾਸ ਹੱਕ, ਸੱਚ, ਮਨੁੱਖਤਾ ਅਤੇ ਧਰਮ ਲਈ ਦਿੱਤੀਆਂ ਸ਼ਹਾਦਤਾਂ ਦੀ ਪ੍ਰਤੱਖ ਮਿਸਾਲ ਹੈ, ਜਿਸ ਤੋਂ ਨੌਜੁਆਨ ਪੀੜੀ ਨੂੰ ਜਾਣੂੰ ਕਰਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਸ਼ਾਨਾਮੱਤੇ ਸਿੱਖ ਇਤਿਹਾਸ ਅਤੇ ਗੁਰਮਤਿ ਫਲਸਫੇ ਨਾਲ ਸੰਗਤ ਅਤੇ ਖਾਸਕਰ ਨੌਜੁਆਨ ਪੀੜ੍ਹੀ ਨੂੰ ਜੋੜਨ ਲਈ ਨਿਰੰਤਰ ਯਤਨ ਕਰ ਰਹੀ ਹੈ। ਉਨ੍ਹਾਂ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਮਨੁੱਖੀ ਸ਼ਖਸੀਅਤ ਦੇ ਵਿਕਾਸ ਵਿਚ ਰੁਕਾਵਟ ਦੱਸਦਿਆਂ ਕਿਹਾ ਕਿ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਗੁਰਬਾਣੀ ਦੀ ਅਮੁੱਲ ਸਿਖਿਆ ਨੂੰ ਅਪਨਾਉਣਾ ਪਵੇਗਾ। ਪ੍ਰੋ: ਬਡੂੰਗਰ ਨੇ ਆਖਿਆ ਕਿ ਧਰਮ ਪ੍ਰਚਾਰ ਲਹਿਰ ਆਰੰਭਣ ਦਾ ਮਕਸਦ ਸਮਾਜ ਨੂੰ ਘੁਣ ਵਾਂਗ ਚੰਬੜੀਆਂ ਹੋਈਆਂ ਕੁਰੀਤੀਆਂ ਵਿਰੁੱਧ ਜਾਗਰੂਕ ਕਰਕੇ ਨਰੋਏ ਸਮਾਜ ਦੀ ਸਿਰਜਣਾ ਕਰਨਾ ਹੈ।

Send this to a friend