‘ਸਾਰਥੀ’ ਅਤੇ ‘ਵਾਹਨ’ ਆਨ-ਲਾਈਨ ਪੋਰਟਲਾਂ ਸਬੰਧੀ ਟ੍ਰੇਨਿੰਗ ਲਈ ਐਨ.ਆਈ.ਸੀ ਦੇ ਮਾਹਿਰਾਂ ਵੱਲੋਂ ਇਕ ਰੋਜ਼ਾ ਵਰਕਸ਼ਾਪ
ਜਲੰਧਰ, 21 ਜੁਲਾਈ, – ਪੰਜਾਬ ਸਰਕਾਰ ਵੱਲੋਂ ਵਾਹਨਾ ਦੀ ਰਜਿਸਟ੍ਰੇਸ਼ਨ, ਲਾਇਸੈੰਸ ਬਣਵਾਉਣ ਤੇ ਹੋਰ ਸੇਵਾਵਾਂ ਆਨ-ਲਾਈਨ ਵਿਧੀ ਜ਼ਰੀਏ ਆਮ ਲੋਕਾਂ ਦੀ ਸਿੱਧੀ ਪਹੁੰਚ ਵਿੱਚ ਲਿਆਉਣ ਲਈ ਉਠਾਏ ਜਾ ਰਹੇ ਕਦਮਾਂ ਦੇ ਤਹਿਤ ਅੱਜ ਜਲੰਧਰ, ਕਪੂਰਥਲਾ,ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਦੇ ਉਪ ਮੰਡਲ ਮੈਜਿਸਟ੍ਰੇਟ ਦਫਤਰਾਂ ਦੇ ਸਟਾਫ ਨੂੰ ਇਹ ਸੇਵਾਵਾਂ ਆਨ-ਲਾਈਨ ਮੁਹੱਈਆ ਕਰਵਾਉਣ ਸਬੰਧੀ ਇਥੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਐਨ.ਆਈ.ਸੀ ਦੇ ਮਾਹਿਰਾਂ ਵੱਲੋਂ ਟ੍ਰੇਨਿੰਗ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਗੁਰਮੀਤ ਸਿੰਘ ਮੁਲਤਾਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਫੈਸਲੇ ਅਨੁਸਾਰ ਐਸ.ਡੀ.ਐਮਜ਼ ਨੂੰ ਵਾਹਨਾ ਦੀ ਰਜਿਸਟ੍ਰੇਸ਼ਨ, ਡਰਾਈਵਿੰਗ ਲਾਇਸੈਂਸ ਜਾਰੀ ਕਰਨ ਤੇ ਟ੍ਰਾਂਸਪੋਰਟ ਵਿਭਾਗ ਨਾਲ ਸਬੰਧਤ ਹੋਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਅਧਿਕਾਰਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਨਵੀਂ ਵਿਵਸਥਾ ਆਉਂਦੇ ਕੁਝ ਦਿਨਾਂ ਵਿੱਚ ਲਾਗੂ ਹੋ ਜਾਵੇਗੀ ਜਿਸਨੂੰ ਧਿਆਨ ਵਿੱਚ ਰੱਖਦਿਆਂ ਹੀ ਚਾਰ ਜ਼ਿਲ੍ਹਿਆਂ ਤਹਿਤ ਆਉਂਦੇ ਉਪ ਮੰਡਲ ਮੈਜਿਸਟ੍ਰੇਟ ਦਫਤਰਾਂ ਦੇ ਕਰਮਚਾਰੀਆਂ ਨੂੰ ‘ਸਾਰਥੀ ‘ ਅਤੇ ‘ਵਾਹਨ‘ ਆਨ-ਲਾਈਨ ਪੋਰਟਲਾਂ ਬਾਰੇ ਟ੍ਰੇਨਿੰਗ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੋਰਟਲਾਂ ਜ਼ਰੀਏ ਹੀ ਲੋਕਾਂ ਨੂੰ ਇਹ ਸੇਵਾਵਾਂ ਆਨਲਾਈਨ ਮੁਹੱਈਆ ਕਰਵਾਈਆਂ ਜਾਣੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਵੀਂ ਵਿਵਸਥਾ ਤਹਿਤ ਲੋਕਾਂ ਇਨ੍ਹਾਂ ਸੇਵਾਵਾਂ ਲੈਣ ਲਈ ਆਨ-ਲਾਈਨ ਅਪਲਾਈ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਕਮਰਸ਼ੀਅਲ ਵਾਹਨਾਂ ਦੀ ਰਜਿਸਟ੍ਰੇਸ਼ਨ ਖੇਤਰੀ ਟ੍ਰਾਂਸਪੋਰਟ ਅਧਿਕਾਰੀ (ਆਰ.ਟੀ.ਏ) ਦਫਤਰਾਂ ਵੱਲੋਂ ਹੀ ਕੀਤੀ ਜਾਵੇਗੀ ਜਦੋਂਕਿ ਬਾਕੀ ਵਾਹਨਾ ਦੀ ਆਨ-ਲਾਈਨ ਰਜਿਸਟ੍ਰੇਸ਼ਨ, ਲਾਇਸੈਂਸ ਜਾਰੀ ਕਰਨ ਤੇ ਹੋਰ ਸੇਵਾਵਾਂ ਦੇ ਅਧਿਕਾਰ ਐਸ.ਡੀ.ਐਮ ਦਫਤਰਾਂ ਪਾਸ ਰਹਿਣਗੇ। ਉਨ੍ਹਾਂ ਦੱਸਿਆ ਕਿ ਨਵੀਂ ਵਿਵਸਥਾ ਤਹਿਤ ਆਟੋਮੇਟਿਵ ਟੈਸਟ ਡਰਾਈਵ ਟ੍ਰੈਕਾਂ ਦਾ ਕੰਮਕਾਜ ਵੀ ਐਸ.ਡੀ.ਐਮਜ਼ ਦੀ ਸਿੱਧੀ ਨਿਗਰਾਨੀ ਤਹਿਤ ਆ ਜਾਵੇਗਾ।