ਮਲੋਟ 13 ਜੁਲਾਈ (ਹਰਦੀਪ ਸਿੰਘ ਖਾਲਸਾ/ਗੁਰਪ੍ਰੀਤ ਸਿੰਘ ਜੰਡੂ) ਬੀਤੇ ਸ਼ੁਕਰਵਾਰ ਨੂੰ ਪਿੰਡ ਰੱਥੜੀਆਂ ਦੀ ਪੰਚਾਇਤ ਵੱਲੋਂ ਕਥਿਤ ਰੰਜਸ਼ ਦੇ ਚਲਦਿਆਂ ਕਲੌਨੀ ‘ਚ ਬੰਦ ਕਰ ਦਿੱਤੀ ਗਈ ਪਾਣੀ ਦੀ ਸਪਲਾਈ ਦੀ ਖਬਰ ਦੇ ‘ਪੰਜਾਬ ਟਾਈਮਜ਼’ ਵੱਲੋਂ ਪ੍ਰਮੁੱਖਤਾਂ ਨਾਲ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਤਰੁੰਤ ਹਰਕਤ ਵਿਚ ਆਈ ਪੰਚਾਇਤ ਨੇ ਇਕ ਹਫਤੇ ਤੋਂ ਪਿੰਡ ਰੱਥੜ੍ਹੀਆਂ ਦੀ ਕਲੌਨੀ ‘ਚ ਬੰਦ ਕੀਤੀ ਪਾਣੀ ਦੀ ਸਪਲਾਈ ਮੁੜ ਚਾਲੂ ਕਰ ਦਿੱਤੀ । ਕਥਿਤ ਸਿਆਸੀ ਰੰਜਸ਼ ਦੇ ਚਲਦਿਆਂ ਕਲੌਨੀ ਦੇ 60 ਪਰਿਵਾਰਾਂ ਨੂੰ ਨਵੀਂ ਪੰਚਾਇਤ ਵੱਲੋਂ ਕਰੀਬ ਇਕ ਹਫਤੇ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਸੀ। ਪਰ ‘ਪੰਜਾਬ ਟਾਈਮਜ਼’ ‘ਚ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਕਲੌਨੀ ਵਿਚਲੇ ਘਰਾਂ ਦੀਆਂ ਟੂਟੀਆਂ ‘ਚ ਪਾਣੀ ਆਉਣ ਲੱਗ ਪਿਆ। ਜਿਸ ਲਈ ਕਲੌਨੀ ਨਿਵਾਸੀ ਮੌਜੂਦਾ ਪੰਚਾਇਤ ਮੈਂਬਰ ਜਸਵੀਰ ਰਾਮ, ਮੁਨਸ਼ੀ ਰਾਮ ਪੰਚਾਇਤ ਮੈਂਬਰ, ਮੰਗਤ ਸਿੰਘ, ਗੁਰਾਂਦਿੱਤਾ ਰਾਮ, ਸੰਤ ਰਾਮ, ਰਣਧੀਰ ਸਿੰਘ ਆਦਿ ਕਲੌਨੀ ਵਾਸੀਆਂ ਨੇ ‘ਪੰਜਾਬ ਟਾਈਮਜ਼’ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਤੰਤਰ ਦੇ ਥੰਮ੍ਹ ਮੀਡੀਆਂ ਕੋਲ ਕਿੰਨੀ ਪਾਵਰ ਹੈ ਇਸ ਦਾ ਅੰਦਾਜ਼ਾ ਪ੍ਰਤੱਖ ਰੂਪ ਵਿਚ ਉਹਨਾਂ ਨੂੰ ਉਸ ਵਕਤ ਹੋਇਆ ਜਦੋਂ ਖਬਰ ਨਸ਼ਰ ਹੋਣ ਤੋਂ ਪਹਿਲਾਂ ਹੀ ਉਚ ਅਧਿਕਾਰੀਆਂ ਅਤੇ ਪੰਚਾਇਤ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਹਨਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਮੁੜ ਬਹਾਲ ਕਰ ਦਿੱਤੀ ਗਈ। ਜਿਕਰਯੋਗ ਹੈ ਕਿ ਪਿੰਡ ਰੱਥੜੀਆਂ ਦੀ ਕਲੌਨੀ ਦੇ 60 ਪਰਿਵਾਰਾਂ ਨੇ ਕਥਿਤ ਦੋਸ਼ ਲਾਇਆ ਸੀ ਕਿ ਚੋਣ ਲੜਣ ਦਾ ਅਧਿਕਾਰ ਦੀ ਵਰਤੋਂ ਕਰਦਿਆਂ ਉਹਨਾਂ ਵੱਲੋਂ ਪੰਚਾਇਤੀ ਚੋਣਾਂ ‘ਚ ਇਸ ਵਾਰ ਸਰਪੰਚੀ ਦੀ ਚੋਣ ਲਈ ਆਪਣਾ ਉਮੀਦਵਾਰ ਮੰਗਤ ਸਿੰਘ ਨੂੰ ਬਣਾ ਕੇ ਮੈਦਾਨ ਵਿਚ ਉਤਾਰਿਆ ਗਿਆ ਸੀ। ਇਸ ਮੁਕਾਬਲੇ ਵਿਚ ਜੇਤੂ ਰਹਿਣ ਵਾਲੀ ਧਿਰ ਨੇ ਸਰਪੰਚੀ ਤੇ ਕਾਬਜ਼ ਹੁੰਦਿਆਂ ਹੀ ਕਲੌਨੀ ਵਾਸੀਆਂ ਨੂੰ ਸਬਕ ਸਿਖਾਉਣ ਲਈ ਆਪਣਾ ਅਸਰ ਰਸੂਖ ਵਰਤਦਿਆਂ ਕਲੌਨੀ ਦੀ ਵਾਟਰ ਵਰਕਸ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਦਿੱਤੀ ਗਈ।ਜਦੋਂ ਪਾਣੀ ਦੀ ਸਪਲਾਈ ਬੰਦ ਕੀਤੇ ਜਾਣ ਬਾਰੇ ਵਾਟਰ ਵਰਕਸ ਦੇ ਕਰਮਚਾਰੀ ਨੂੰ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਪੰਚਾਇਤ ਵੱਲੋਂ ਉਸਨੂੰ ਅਜਿਹਾ ਕਰਨ ਦੇ ਹੁਕਮ ਜਾਰੀ ਹੋਏ ਹਨ ਜਿਸ ਕਾਰਨ ਪਾਣੀ ਦੀ ਸਪਲਾਈ ਬੰਦ ਕੀਤੀ ਗਈ ਹੈ। ਆਪਣੇ ਨਾਲ ਹੋਈ ਕਥਿਤ ਵਧੀਕੀ ਵਿਰੁੱਧ ਪਿੰਡ ਵਾਸੀਆਂ ਵੱਲੋਂ ‘ਪੰਜਾਬ ਟਾਈਮਜ਼’ ਨੂੰ ਸਮੂਹਿਕ ਤੌਰ ਤੇ ਆਪਣਾ ਦੁੱਖ ਦੱਸਿਆ। ਅਤਿ ਦੀ ਗਰਮੀ ‘ਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਦੇ ਚਿਹਰੇ ਬਾਗੋ ਬਾਗ ਨਜ਼ਰ ਆਏ ਜਦੋਂ ਉਹਨਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਮੁੜ ਬਹਾਲ ਹੋ ਗਈ।



