ਬਰਨਾਲਾ, 11 ਜੁਲਾਈ- ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਹੱਥ ਵਿੱਚ ਪਵਿੱਤਰ ਗੁਰਬਾਣੀ ਦਾ ਗੁਟਕਾ ਫੜਕੇ ਸੂਬੇ ਵਿੱਚੋਂ ਨਸ਼ੇ ਦੀ ਵਿਕਰੀ ਨੂੰ ਚਾਰ ਹਫਤਿਆਂ ਵਿੱਚ ਖਤਮ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਨਸ਼ੇ ਦੀ ਵਿਕਰੀ ਅਤੇ ਵਰਤੋਂ ਨਿਰਵਿਘਨ ਜਾਰੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਨਸ਼ੇ ਦੇ ਖ਼ਾਤਮੇ ਲਈ ਸਪੈਸ਼ਲ ਟਾਸਕ ਫੋਰਸ ਦਾ ਗਠਨ ਕਰਕੇ ਆਪਣੇ ਅਤੀ ਨਜ਼ਦੀਕੀ ਪੁਲਿਸ ਅਫਸਰ ਨੂੰ ਇਸਦਾ ਮੁਖੀ ਬਣਾਇਆ ਅਤੇ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰਨ ਲਈ ੂਫੁੱਲ ਪਾਵਰਾਂੂ ਵੀ ਦਿੱਤੀਆਂ,ਜਿਸਦੇ ਫਲਸਰੂਪ ਇਸ ਟਾਸਕ ਫੋਰਸ ਵੱਲੋਂ ਕੁਝ ਨਸ਼ਾ ਤਸਕਰਾਂ ਨੂੰ ਦਬੋਚਿਆ ਵੀ ਗਿਆ ਹੈ ਪ੍ਰੰਤੂ ਪੰਜਾਬ ਪੁਲਿਸ ਦੇ ਜ਼ਿਲ੍ਹਾ ਅਤੇ ਹੇਠਲੇ ਪੱਧਰ ’ਤੇ ਤਾਇਨਾਤ ਪੁਲਿਸ ਅਫਸਰਾਂ ਅਤੇ ਮੁਲਾਜ਼ਮਾਂ ਵਿੱਚ ਨਸ਼ੇ ਦੇ ਖ਼ਾਤਮੇ ਲਈ ਕੰਮ ਕਰਨ ਦੀ ਇੱਛਾ ਸ਼ਕਤੀ ਦੀ ਘਾਟ ਕਾਰਨ ਅਜੇ ਵੀ ਨਸ਼ਾ ਤਸਕਰ ਆਪਣੇ ਹੱਥ ਰੰਗ ਰਹੇ ਹਨ ਅਤੇ ਨੌਜਵਾਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਜ਼ਿਲ੍ਹਾ ਬਰਨਾਲਾ ਦੀ ਜੇਕਰ ਗੱਲ ਕਰੀਏ ਤਾਂ ਸ਼ਹਿਰ ਬਰਨਾਲਾ ਤੋਂ ਇਲਾਵਾ ਜ਼ਿਲ੍ਹੇ ਦੇ ਪਿੰਡਾਂ ਅੰਦਰ ਨਸ਼ੇ ( ਚਿੱਟਾ) ਦੀ ਵਿਕਰੀ ਬਾਦਸਤੂਰ ਜਾਰੀ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਗੁਪਤ ਸੂਚਨਾ ਮਿਲਣ ’ਤੇ ਜਦੋਂ ਪੱਤਰਕਾਰਾਂ ਨੇ ਪੁਰਾਣੇ ਐਸਐਸਪੀ ਦਫ਼ਤਰ ਕੋਲ ਖਾਲੀ ਪਏ ਅਤੇ ਖੰਡਰ ਦਾ ਰੂਪ ਧਾਰਨ ਕਰ ਚੁੱਕੇ ਮੰਡੀ ਕਰਨ ਬੋਰਡ ਦੇ ਦਫ਼ਤਰ ਦਾ ਦੌਰਾ ਕੀਤਾ ਤਾਂ ਗੁਪਤਚਰ ਵੱਲੋਂ ਦਿੱਤੀ ਸੂਚਨਾ ਮੁਤਾਬਕ ਇਸ ਦਫ਼ਤਰ ਦੇ ਖਾਲੀ ਪਏ ਬਾਥਰੂਮਾਂ ਦੀ ਬਿਲਡਿੰਗ ਵਿੱਚ ਮੈਡੀਕਲ ਨਸ਼ੇ ਦੇ ਪਾਊਚ ਕਾਫ਼ੀ ਗਿਣਤੀ ਵਿੱਚ ਮਿਲੇ ਅਤੇ ਹੋਰ ਨਸ਼ਾ ਕਰਨ ਦੀਆਂ ਸ਼ਿਾਨੀਆ ਵੀ ਮਿਲੀਆਂ, ਮੌਕੇ ’ਤੇ ਹੀ ਇੱਕ ਨੌਜਵਾਨ ਵੀ ਮਿਲਿਆ ਜਿਸਨੇ ਪੂਰਾ ਨਸ਼ਾ ਕੀਤਾ ਹੋਇਆ ਸੀ। ਇਸ ਨੌਜਵਾਨ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਇਸ ਜਗ੍ਹਾ ਤੇ ਰੋਜ਼ਾਨਾ ਚਿੱਟਾ,ਸਮੈਕ ਪੀਣ ਦੇ ਆਦੀ ਨਸ਼ਈ ਵਿਅਕਤੀ ਆ ਕੇ ਸ਼ਰੇਆਮ ਨਸ਼ਾ ਕਰਦੇ ਹਨ। ਪੱਤਰਕਾਰਾਂ ਵੱਲੋਂ ਨਸ਼ੇ ਦੀ ਸਪਲਾਈ ਸੰਬੰਧੀ ਪੁੱਛਣ ਤੇ ਇਸ ਨੌਜਵਾਨ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਪਿਛਵਾੜੇ ਇੱਕ ਬਸਤੀ ਵਿੱਚੋਂ ਨਸ਼ਾ ਹਰ ਵਕਤ ਮਿਲਦਾ ਹੈ,ਜਿੰਨਾ ਮਰਜ਼ੀ ਲੈ ਲਵੋ। ਇਸ ਨੌਜਵਾਨ ਨੇ ਇਹ ਵੀ ਦੱਸਿਆ ਕਿ ਇਸ ਬਸਤੀ ਵਿੱਚ ਨਸ਼ੇ ਦੀ ਵਿਕਰੀ ਬਾਰੇ ਪੁਲਿਸ ਮੁਲਾਜ਼ਮਾਂ ਨੂੰ ਵੀ ਪਤਾ ਹੈ। ਪੱਤਰਕਾਰਾਂ ਵੱਲੋਂ ਇਸ ਨੌਜਵਾਨ ਨੂੰ ਪੂਰਾ ਭਰੋਸੇ ’ਚ ਲੈਣ ਤੋਂ ਬਾਅਦ ਇਸ ਨੌਜਵਾਨ ਨੇ ਪੱਤਰਕਾਰਾਂ ਨੂੰ ਨਾਲ ਲਿਜਾ ਕੇ ਪੁਰਾਣੇ ਐਸਐਸਪੀ ਦਫ਼ਤਰ ਦੇ ਸਾਹਮਣੇ ਬਣੇ ਵੱਡੇ ਸ਼ੈਡ ਦੇ ਬਰਾਬਰ ਬਣੀਆਂ ਖਾਲੀ ਪਈਆਂ ਦੁਕਾਨਾਂ ਕੋਲ ਨਸ਼ਈਆਂ ਵੱਲੋਂ ਨਸ਼ਾ ਕਰਨ ਲਈ ਬਣਾਇਆ ਇੱਕ ਹੋਰ ਅੱਡਾ ਵੀ ਦਿਖਾਇਆ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੂਰੀ ਸਖ਼ਤਾਈ ਦਾ ਦਾਅਵਾ ਕਰਨ ਵਾਲੀ ਪੁਲਿਸ ਨੂੰ ਨਸ਼ਈਆਂ ਵੱਲੋਂ ਨਸ਼ਾ ਕਰਨ ਲਈ ਵਰਤੇ ਜਾਂਦੇ ਸਪੈਸ਼ਲ ਅੱਡਿਆਂ ਦੀ ਜਾਣਕਾਰੀ ਕਿਉਂ ਨਹੀਂ ਹੈ? ਜਾਂ ਫਿਰ ੂਦੀਵੇ ਥੱਲੇ ਹਨੇਰਾੂ ਹੈ ? ਜੇਕਰ ਕਿਸੇ ਪੁਲਿਸ ਅਫ਼ਸਰ ਕੋਲ ਨਸ਼ੇ ਦੀ ਸ਼ਰੇਆਮ ਹੋ ਰਹੀ ਵਿਕਰੀ ਸੰਬੰਧੀ ਗੱਲ ਕਰੋ ਤਾਂ ਪੁਲਿਸ ਅਫ਼ਸਰ ਝੱਟ ਆਖ ਦਿੰਦੇ ਹਨ ਕਿ ’ਸਾਨੂੰ ਦੱਸੋ ਕੌਣ ਨਸ਼ਾ ਵੇਚਦਾ ਹੈ,ਅਸੀਂ ਕਾਰਵਾਈ ਕਰਾਂਗੇ’। ਦੂਜੇ ਪਾਸੇ ਲੋਕ ਆਪਣੀ ਨਿੱਜੀ ਦੁਸ਼ਮਣੀ ਪੈਣ ਦੇ ਡਰੋਂ ਸਰਕਾਰੇ ਦਰਬਾਰੇ ਪਹੁੰਚ ਰੱਖਣ ਵਾਲੇ ਇਨ੍ਹਾਂ ਨਸ਼ਾ ਤਸਕਰਾਂ ਬਾਰੇ ਪੁਲਿਸ ਕੋਲ ਗੱਲ ਕਰਨ ਤੋਂ ਝਿਜਕਦੇ ਹਨ,ਪ੍ਰੰਤੂ ਪੁਲਿਸ ਦਾ ਖ਼ੁਫ਼ੀਆ ਤੰਤਰ ਕਿੱਥੇ ਹੈ? ਪੁਲਿਸ ਨੂੰ ਨਸ਼ਾ ਵਿਰੋਧੀ ਮੁਹਿੰਮ ਅਧੀਨ ਤਿਆਰ ਰਣਨੀਤੀਆਂ ਵਿੱਚ ਆਮ ਲੋਕਾਂ ਖਾਸ ਕਰਕੇ ਸਮਾਜ ਸੇਵੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣੀ ਹੋਵੇਗੀ ਅਤੇ ਲੋਕ ਮਨਾਂ ਵਿੱਚੋਂ ਗੁੰਡਿਆਂ ਦਾ ਰੂਪ ਧਾਰਨ ਕਰਕੇ ਕੰਮ ਕਰਨ ਵਾਲੇ ਨਸ਼ਾ ਤਸਕਰਾਂ ਦਾ ਡਰ ਵੀ ਕੱਢਣਾ ਹੋਵੇਗਾ। ਹੇਠਲੇ ਪੱਧਰ ਤੇ ਪੁਲਿਸ ਥਾਣਿਆਂ ਵਿੱਚ ਲੰਮੇ ਸਮੇਂ ਤੋਂ ਨਿਯੁਕਤ ਪੁਲਿਸ ਅਫਸਰਾਂ ਅਤੇ ਛੋਟੇ ਮੁਲਾਜ਼ਮਾਂ ਦੀ ਨਿਗਰਾਨੀ ਵੀ ਜ਼ਰੂਰੀ ਹੈ ਕਿਉਂਕਿ ਇੱਕੋ ਹੀ ਜਗ੍ਹਾ ਲੰਮਾ ਸਮਾਂ ਤਾਇਨਾਤ ਰਹਿਣ ਵਾਲੇ ਅਜਿਹੇ ਕੁਝ ਮੁਲਾਜ਼ਮਾਂ ਨੂੰ ਇਲਾਕੇ ਦੇ ਨਸ਼ਾ ਤਸਕਰਾਂ ਦੀ ਬਖ਼ੂਬੀ ਜਾਣਕਾਰੀ ਹੈ ਅਤੇ ਕੁਝ ਪੁਲਿਸ ਮੁਲਾਜ਼ਮਾਂ ਦੀ ਨਸ਼ਾ ਤਸਕਰਾਂ ਨਾਲ ਯਾਰੀ ਵੀ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਧਾਰ ਨੂੰ ਖੁੰਢਾ ਕਰ ਰਹੀ ਹੈ। ਦੂਜੇ ਸ਼ਬਦਾਂ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਅਜੇ ਵੀ ਪੁਲਿਸ ਫੋਰਸ ਵਿੱਚ ਕਾਫ਼ੀ ਗਿਣਤੀ ’ਚ ਇੰਦਰਜੀਤ ਲੁਕੇ ਬੈਠੇ ਹਨ ਜਿਨ੍ਹਾਂ ਦੀ ਸ਼ਨਾਖ਼ਤ ਜ਼ਰੂਰੀ ਹੈ। ਬਹਰਹਾਲ! ਅਜਿਹੇ ਹਾਲਾਤਾਂ ਦੇ ਬਾਵਜੂਦ ਵੀ ਨਸ਼ਾ ਵਿਰੋਧੀ ਮੁਹਿੰਮ ਨੂੰ ਕਾਮਯਾਬ ਕਰਨ ਲਈ ਇਮਾਨਦਾਰ ਪੁਲਿਸ ਅਫਸਰਾਂ ਨੂੰ ਸਲਾਮ ਕਰਨਾ ਬਣਦਾ ਹੈ ਭਾਵੇਂ ਕਿ ਇਹਨਾਂ ਦੀ ਗਿਣਤੀ ਘੱਟ ਹੈ।
ਬਰਨਾਲਾ ’ਚ ‘ਚਿੱਟੇ’ ਦੀ ਸ਼ਰੇਆਮ ਵਿਕਰੀ ਤੇ ਵਰਤੋਂ ਤੋਂ ਪੁਲਿਸ ਅਣਜਾਣ?



