Skip to content
Independent perspectives. Global stories.
BREAKING

ਅੰਤਰਰਾਜ਼ੀ ਚੋਰ ਗਿਰੋਹ ਦਾ ਪਰਦਾਫਾਸ਼ ਚੋਰੀ ਦੇ 27 ਮੋਟਰਸਾਇਕਲ ਬਰਾਮਦ

Share this story

image ਬਠਿੰਡਾ, 7 ਜੁਲਾਈ (ਇਕਬਾਲ ਸਿੰਘ)- ਸਥਾਨਕ ਸੀ.ਆਈ.ਏ-2 ਵਿੰਗ ਨੇ ਅੰਤਰਰਾਜ਼ੀ ਵਹੀਕਲ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋ ਚੋਰੀ ਕੀਤੇ ਹੋਏ ਵਹੀਕਲਾਂ ਦੀ ਵੱਡੀ ਖੇਪ ਬਰਾਮਦ ਕੀਤੀ। ਇਸ ਗਿਰੋਹ ਦਾ ਮੁੱਖ ਸਰਗਨਾ ਕਤਲ ਦੇ ਕੇਸ ਵਿਚ ਜੇਲ ਵਿਚ ਸਜ਼ਾ ਕੱਟ ਰਿਹਾ ਹੈ, ਤੇ ਜੇਲ ਵਿਚ ਬੈਠਕੇ ਆਪਣੇ ਗਿਰੋਹ ਦੀ ਅਗਵਾਈ ਕਰ ਰਿਹਾ ਸੀ।  ਇਸ ਗਿਰੋਹ ਨੇ  ਪਿਛਲੇ ਚਾਰ ਮਹੀਨਿਆਂ ਦੌਰਾਨ  ਸ਼ਹਿਰ ਵਿਚੋਂ  37 ਦੇ ਕਰੀਬ  ਵਹੀਕਲ  ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿਤਾ ਸੀ। ਇਸ ਪੰਜ ਮੈਂਬਰੀ ਗਿਰੋਹ ਦੇ ਸਾਰੇ ਮੈਂਬਰਾਂ ਉਪਰ ਵਖ-ਵਖ ਥਾਣਿਆਂ ਵਿਚ ਸ਼ਰਾਬ ਦੀ ਤਸਕਰੀ, ਵਹੀਕਲ ਚੋਰੀ ਅਤੇ ਹੋਰ ਕਈ ਤਰ੍ਹਾਂ ਦੇ ਸੰਗੀਨ ਮਾਮਲੇ ਦਰਜ ਹਨ। ਪੁਲੀਸ ਨੇ ਇਸ ਗਿਰੋਹ ਕੋਲੋ ਵਖ-ਵਖ ਮਾਰਕਿਆਂ ਦੇ 17 ਮੋਟਰ ਸਾਈਕਲ, 4 ਸਕੂਟਰੀਆਂ, ਪੰਜ ਮਾਰੂਤੀ ਕਾਰਾਂ ਤੇ ਇਕ ਜੈਨ ਕਾਰ ਬਰਾਮਦ ਕੀਤੀ। ਵਹੀਕਲਾਂ ਦੀ ਇਹ ਖੇਪ ਇਸ ਗਿਰੋਹ ਨੇ ਇਕ ਨੌਹਰਾ ਕਿਰਾਏ ਤੇ ਲੈ ਕੇ ਲੁਕੋ ਰੱਖੀ ਸੀ ਤੇ ਆਪਣੇ ਸਰਗਨੇ ਦੇ ਜੇਲ ਵਿਚੋ ਬਾਹਰ ਆਉਣ ਤੋਂ ਬਾਅਦ ਇਨ੍ਹਾਂ ਨੇ ਚੋਰੀ ਦੇ ਵਹੀਕਲਾਂ ਨੂੰ ਵੇਚਣ ਦਾ ਇਰਾਦਾ ਬਣਾ ਰੱਖਿਆ ਸੀ। ਇਸ ਗਿਰੋਹ ਦੇ ਸਾਰੇ ਮੈਂਬਰ ਅੱਠ ਤੋਂ ਦਸਵੀਂ ਕਲਾਸ ਤੱਕ ਪੜ੍ਹੇ ਹੋਏ ਹਨ ਤੇ ਸਾਰੇ ਹੀ ਚਿੱਟੇ ਦਾ ਨਸ਼ਾ ਕਰਨ ਦੇ ਆਦਿ ਹਨ। ਸਥਾਨਕ ਸੈਕਟਰੀਏਟ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੁਲੀਸ ਕਪਤਾਨ ਨਵੀਨ ਸਿੰਗਲਾ ਨੇ ਦਸਿਆ ਪਿਛਲੇ ਚਾਰ ਮਹੀਨਿਆਂ ਦੌਰਾਨ ਸ਼ਹਿਰ ਵਿਚੋਂ ਵਹੀਕਲ ਚੋਰੀ ਦੀਆਂ ਘਟਨਾਵਾਂ ਵਿਚ ਕਾਫ਼ੀ ਵਾਧਾਂ ਹੋ ਗਿਆ ਸੀ। ਇਸ ਵਹੀਕਲ ਚੋਰ ਗਿਰੋਹ ਨੂੰ ਫੜ੍ਹਨ ਲਈ ਐਸਪੀਡੀ ਬਿਕਰਮਜੀਤ ਸਿੰਘ, ਉਪ ਪੁਲੀਸ ਕਪਤਾਨ ਕਰਨਸ਼ੇਰ ਸਿੰਘ ਢਿੱਲੋ, ਸੀਆਈਏ 2 ਦੇ ਇਨਚਾਰਜ਼ ਐਸ ਆਈ ਤਰਜਿੰਦਰ ਸਿੰਘ ਦੀ ਅਗਵਾਈ ਹੇਠ ਇਕ ਵਿਸ਼ੇਸ਼ ਟੀਮ ਤਿਆਰ ਕੀਤੀ ਗਈ ਸੀ। ਇਸ ਦੌਰਾਨ ਸੀ.ਆਈ.ਏ. 2 ਦੇ ਇਨਚਾਰਜ ਤਰਜਿੰਦਰ ਸਿੰਘ ਨੂੰ ਖੁਫੀਆ ਇਤਲਾਹ ਮਿਲੀ ਸੀ ਕਿ ਇਸ ਗਿਰੋਹ ਦੇ ਦੋ ਮੈਂਬਰ ਲਵਪ੍ਰੀਤ ਸਿੰਘ ਵਾਸੀ ਭਗਤਾ ਭਾਈਕਾ ਅਤੇ ਨਿਰਮਲ ਸਿੰਘ ਵਾਸੀ ਪਿੰਡ ਕੋਠੇ ਗੁਰੂਕੇ ਚੋਰੀ ਦਾ ਮੋਟਰ ਸਾਈਕਲ ਵੇਚਣ ਦੀ ਫ਼ਰਾਕ ਵਿਚ ਹਨ। ਸਥਾਨਕ ਮਿੱਤਲ ਮਾਲ ਦੇ ਕੋਲ ਘੁੰਮ ਰਹੇ ਹਨ, ਮਿਲੀ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਪੁਲੀਸ ਨੇ ਉਕਤ ਨੌਜਵਾਨਾਂ ਨੂੰ ਮੋਟਰ ਸਾਈਕਲ ਸਮੇਤ ਕਾਬੂ ਕਰ ਲਿਆ। ਪੁਲੀਸ ਪੁੱਛ ਪੜਤਾਲ ਦੌਰਾਨ ਉਕਤ ਨੌਜਵਾਨਾਂ ਨੇ ਮੰਨਿਆ ਕਿ ਉਨ੍ਹਾਂ ਨੇ ਰੇਸ਼ਮ ਸਿੰਘ ਵਾਸੀ ਭੁੱਚੋ ਮੰਡੀ, ਗੁਰਪ੍ਰੀਤ ਸਿੰਘ ਵਾਸੀ ਭਗਤਾ ਭਾਈਕਾ, ਜਸਮੇਲ ਸਿੰਘ ਵਾਸੀ ਪਿੰਡ ਆਕਲੀਆ ਜਲਾਲ ਦੇ ਨਾਲ ਮਿਲਕੇ ਇਹ ਗਿਰੋਹ ਬਣਾਇਆ ਹੋਇਆ ਹੈ। ਇਸ ਗਿਰੋਹ ਦਾ ਮਾਸਟਰ ਮਾਈਡ ਰੇਸ਼ਮ ਸਿੰਘ ਸਥਾਨਕ ਕੇਂਦਰੀ ਜੇਲ੍ਹ ਵਿਚ ਕਤਲ ਕੇਸ ਵਿਚ ਸਜ਼ਾ ਭੁਗਤ ਰਿਹਾ ਹੈ।

WRITTEN BY