ਸ੍ਰੀ ਅਨੰਦਪੁਰ ਸਾਹਿਬ, 7 ਜੁਲਾਈ (ਦਵਿੰਦਰਪਾਲ ਸਿੰਘ, ਅੰਕੁਸ਼)- ਸ੍ਰੀ ਅਨੰਦਪੁਰ ਸਾਹਿਬ ਦੀ ਨੈਣਾਂ ਦੇਵੀ ਸੜਕ ਦਾ ਡੰਗਾ ਅੱਜ ਬੁਰੀ ਤਰ੍ਹਾਂ ਟੁੱਟ ਗਿਆ ਜਿਸ ਕਰਕੇ ਤਕਰੀਬਨ 70 ਫੁੱਟ ਸੜਕ ਧੱਸ ਕੇ ਟੁੱਟ ਗਈ। ਇਹ ਸੜਕ ਪ੍ਰਸਿੱਧ ਮੰਦਰ ਨੈਣਾਂ ਦੇਵੀ ਨੂੰ ਜਾਂਦੀ ਹੈ ਤੇ ਇਸ ਸੜਕ ਤੋ ਸ਼ਰਧਾਲੂਆਂ ਦੀਆਂ ਕਾਰਾਂ, ਬੱਸਾਂ ਤੇ ਹੋਰ ਗੱਡੀਆਂ ਦੀ ਆਵਾਜਾਈ ਚਲਦੀ ਰਹਿੰਦੀ ਹੈ। ਸੜਕ ਟੁੱਟਣ ਸਮੇ ਕੋਈ ਗੱਡੀ ਆਦਿ ਨਹੀ ਸੀ ਜਿਸ ਕਰਕੇ ਵੱਡਾ ਹਾਦਸਾ ਹੋਣ ਤੋ ਬਚਾਅ ਹੋ ਗਿਆ। ਡੰਗਾ ਟੁੱਟਣ ਦੇ ਨਾਲ ਸੜਕ ਤੇ ਲੱਗੇ ਬਿਜਲੀ ਦੇ ਖੰਭੇ ਬੁਰੀ ਤਰਾਂ ਟੁੱਟ ਗਏ, ਫਲੈਕਸ ਬੋਰਡ ਟੁੱਟ ਗਏ ਤੇ ਆਸ ਪਾਸ ਡੰਗੇ ਦੇ ਪੱਥਰ ਦੂਰ ਦੂਰ ਤੱਕ ਖਿਲਰ ਗਏ। ਲੋਕਾਂ ਨੇ ਖੁਦ ਸੜਕ ਦੇ ਦੋਹੀਂ ਪਾਸੀਂ ਰੋਕਾਂ ਲਗਾ ਕੇ ਗੱਡੀਆਂ ਆਉਣ ਤੋ ਰੋਕੀਆਂ ਤਾਂ ਕਿ ਕਿਸੇ ਤਰਾਂ ਦੀ ਕੋਈ ਦੁਰਘਟਨਾ ਨਾ ਵਾਪਰ ਜਾਵੇ।
ਸੜਕ ਦੇ ਵਗਦੀਆਂ ਨਹਿਰਾਂ ਕਾਰਨ ਟੁੱਟਿਆ ਸੜਕ ਦਾ ਡੰਗਾ : ਐਸ ਡੀ ਓ- ਇਸ ਬਾਰੇ ਲੋਕ ਨਿਰਮਾਣ ਵਿਭਾਗ ਦੇ ਐਸ ਡੀ ਓ ਵਿਵੇਕ ਸ਼ਰਮਾ ਨੇ ਕਿਹਾ ਕਿ ਇਹ ਸੜਕ ਜਿਆਦਾ ਉਚਾਈ ਤੇ ਬਣੀ ਸੀ ਤੇ ਇਸ ਦੇ ਬਿਲਕੁਲ ਨਾਲ ਨਹਿਰਾਂ ਵਗਦੀਆਂ ਹਨ ਜਿਸ ਕਰਕੇ ਇਸ ਸੜਕ ਦਾ ਡੰਗਾ ਟੁਟਿਆ ਹੈ। ਉਨ੍ਹਾਂ ਕਿਹਾ ਅਸੀਂ ਇਸਦੀ ਜਲਦ ਹੀ ਰਿਪੇਅਰ ਸ਼ੁਰੂ ਕਰਵਾ ਰਹੇ ਹਾਂ ਤੇ ਇਸ ਸਬੰਧੀ ਅਧਿਕਾਰੀਆਂ ਨੂੰ ਜਾਣਕਾਰੀ ਦਿਤੀ ਗਈ ਹੈ। ਇਹ ਸੜਕ ਏਨੀ ਜਲਦੀ ਕਿਉਂ ਟੁੱਟ ਗਈ? ਇਸ ਦਾ ਜੁਆਬ ਦਿੰਦਿਆਂ ਸਥਾਨਕ ਐਸ ਡੀ ਐਮ ਰਾਕੇਸ਼ ਗਰਗ ਨੇ ਕਿਹਾ ਕਿ ਸਮੁੱਚੇ ਮਾਮਲੇ ਦੀ ਪੜਤਾਲ ਕਰਾਈ ਜਾਵੇਗੀ ਤਾਂ ਕਿ ਸੱਚ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਤੰਗੀ ਨਹੀ ਆਉਣ ਦਿਤੀ ਜਾਵੇਗੀ ਤੇ ਬਹੁਤ ਜਲਦ ਸਾਰੀ ਸੜਕ ਠੀਕ ਕਰਵਾਈ ਜਾਵੇਗੀ।
ਸ੍ਰੀ ਅਨੰਦਪੁਰ ਸਾਹਿਬ-ਨੈਣਾਂ ਦੇਵੀ ਸੜਕ ਦਾ ਡੰਗਾ ਟੁੱਟਿਆ-ਵੱਡਾ ਹਾਦਸਾ ਹੋਣੋ ਬਚਿਆ



