June 14, 2026 8:38 am

ਐਫਿਲ ਟਾਵਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਪੈਰਿਸ, 14 ਅਕਤੂਬਰ (ਪੀ.ਟੀ.)- ਫ਼ਰਾਂਸ ਦੇ ਵਿਸ਼ਵ ਪ੍ਰਸਿੱਧ ਐਫਿਲ ਟਾਵਰ ਨੂੰ ਧਮਕੀ ਭਰਿਆ ਫੋਨ ਕਾਲ ਮਿਲਣ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਖਾਲੀ ਕਰਵਾ ਲਿਆ ਗਿਆ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ 324 ਮੀਟਰ (1062 ਫੁੱਟ) ਉੱਚੇ ਇਸ ਟਾਵਰ ਨੂੰ ਸਥਾਨਕ ਸਮੇਂ ਅਨੁਸਾਰ ਕੱਲ੍ਹ ਲਗਭਗ ਤਿੰਨ ਵਜੇ ਖਾਲੀ ਕਰਵਾਇਆ ਗਿਆ ਸੀ ਤੇ ਸ਼ਾਮ ਸਾਢੇ ਪੰਜ ਵਜੇ ਤੱਕ ਵੀ ਇਸ ਨੂੰ ਯਾਤਰੀਆਂ ਲਈ ਨਹੀਂ ਖੋਲ੍ਹਿਆ ਗਿਆ ਸੀ। ਇਸ ਅਧਿਕਾਰੀ ਨੇ ਇਸ ਤੋਂ ਜ਼ਿਆਦਾ ਕੁਝ ਨਹੀਂ ਦੱਸਿਆ। 1889 ‘ਚ ਬਣਿਆ ਐਫਿਲ ਟਾਵਰ ਦੁਨੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਸਮਾਰਕਾਂ ‘ਚੋਂ ਇੱਕ ਹੈ। ਹਰ ਸਾਲ ਲਗਭਗ ਸੱਤਰ ਲੱਖ ਸੈਲਾਨੀ ਇਸ ਨੂੰ ਵੇਖਣ ਆਉਂਦੇ ਹਨ ਤੇ ਗਰਮੀਆਂ ਦੇ ਮੌਸਮ ‘ਚ ਇਸ ਨੂੰ ਵੇਖਣ ਵਾਲਿਆਂ ਦੀ ਗਿਣਤੀ ਇੱਕ ਦਿਨ ‘ਚ ਤੀਹ ਹਜ਼ਾਰ ਤੱਕ ਹੋ ਜਾਂਦੀ ਹੈ। ਐਫਿਲ ਟਾਵਰ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਆਮ ਤੌਰ ‘ਤੇ ਮਿਲਦੀਆਂ ਹੀ ਰਹਿੰਦੀਆਂ ਹਨ ਪਰ ਤੁਰੰਤ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਸਿਰਫ਼ ਅਫਵਾਹ ਸੀ। ਇਸ ਦੀ ਵਜ੍ਹਾ ਨਾਲ ਹਰ ਸਾਲ ਦੋ, ਚਾਰ ਵਾਰ ਇਸ ਨੂੰ ਪੂਰੀ ਤਰ੍ਹਾਂ ਖਾਲੀ ਕਰਵਾਉਂਣਾ ਪੈ ਜਾਂਦਾ ਹੈ।