ਚੰਡੀਗੜ, 2 ਜੁਲਾਈ: -ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਵਿਭਾਗ ਦੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਪਿੰਡਾਂ ਦੇ ਛੱਪੜਾਂ ਤੋਂ ਨਜਾਇਜ਼ ਕਬਜ਼ੇ ਖ਼ਤਮ ਕਰਾ ਕੇ ਇਹਨਾਂ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਈ ਜਾਵੇ। ਉਨਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਮਾਲ ਵਿਭਾਗ ਤੋਂ ਨਿਸ਼ਾਨਦੇਹੀ ਲੈ ਕੇ ਸਾਰੇ ਪਿੰਡਾਂ ਦੇ ਛੱਪੜਾਂ ਦਾ ਰਕਬਾ ਪੂਰਾ ਕਰਵਾ ਕੇ ਇਹਨਾਂ ਦੀ ਪਹਿਲਾਂ ਵਾਲੀ ਸਥਿਤੀ ਬਹਾਲ ਕਰਾਉਣ।ਵਿਭਾਗ ਦੇ ਬੁਲਾਰੇ ਨੇ ਅੱਜ ਇੱਥੋਂ ਜਾਰੀ ਕੀਤੇ ਗਏ ਬਿਆਨ ਵਿਚ ਦੱਸਿਆ ਹੈ ਕਿ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਪਿੰਡਾਂ ਵਿਚ ਛੱਪੜਾਂ ਉੱਤੇ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਰਾਹ ਹੀ ਬੰਦ ਹੋ ਗਿਆ ਹੈ ਜਿਸ ਕਾਰਨ ਪਿੰਡਾਂ ਵਿਚ ਗੰਦਗੀ ਵੀ ਫੈਲ ਰਹੀ ਹੈ ਅਤੇ ਥਾਂ ਥਾਂ ਖੜਦੇ ਪਾਣੀ ਕਾਰਨ ਲੋਕਾਂ ਵਿਚ ਝਗੜੇ ਵੀ ਹੋ ਰਹੇ ਹਨ।ਬੁਲਾਰੇ ਅਨੁਸਾਰ ਸ੍ਰ. ਬਾਜਵਾ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਹੈ ਕਿ ਛੱਪੜਾਂ ਦੇ ਗੰਦੇ ਪਾਣੀ ਨੂੰ ਸੋਧ ਕੇ ਸਿੰਚਾਈ ਲਈ ਵਰਤਣ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣ। ਉਹਨਾਂ ਕਿਹਾ ਕਿ ਸਰਕਾਰ ਵਲੋਂ ਸੋਲਰ ਪੰਪ ਲਾਉਣ ਲਈ ਦਿੱਤੀ ਜਾ ਰਹੀ 80 ਫ਼ੀਸਦੀ ਸਬਸਿਡੀ ਸਕੀਮ ਤਹਿਤ ਛੱਪੜਾਂ ਉੱਤੇ ਪੰਪ ਸੈੱਟ ਲਾ ਕੇ ਪਾਣੀ ਖੇਤਾਂ ਨੂੰ ਦਿੱਤਾ ਜਾ ਸਕਦਾ ਹੈ। ਸ੍ਰ. ਬਾਜਵਾ ਨੇ ਕਿਹਾ ਕਿ ਪਿੰਡਾਂ ਦੇ ਛੱਪੜ ਇਸ ਲਈ ਵੀ ਮੁੜ ਸੁਰਜੀਤ ਕਰਨੇ ਜ਼ਰੂਰੀ ਹਨ ਕਿਉਂਕਿ ਇਹ ਬਾਰਸ਼ਾਂ ਦੇ ਪਾਣੀ ਨੂੰ ਜਮਾ ਕਰਕੇ ਧਰਤੀ ਵਿਚ ਜੀਰਨ ਦਾ ਮੁੜ ਚੰਗਾ ਸ੍ਰੋਤ ਬਣ ਸਕਦੇ ਹਨ। ਛੱਪੜਾਂ ਦੀ ਹੋਂਦ ਮਿਟ ਜਾਣ ਕਾਰਨ ਇਹਨਾਂ ਵਿਚ ਜਮਾ ਹੁੰਦਾ ਪਾਣੀ ਹੁਣ ਫਜ਼ੂਲ ਹੀ ਰੁੜ ਜਾਂਦਾ ਹੈ। ਛੱਪੜਾਂ ਦੀ ਮੁੜ ਸੁਰਜੀਤੀ ਨਾਲ ਧਰਤੀ ਹੇਠਲੇ ਪਾਣੀ ਦਾ ਹੇਠਾਂ ਜਾ ਰਿਹਾ ਪੱਧਰ ਵੀ ਉੱਚਾ ਹੋਵੇਗਾ।