ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਵਾਲੇ ਸ਼ਰਧਾਲੂਆਂ ’ਚ ਨਗਰ ਕੋਂਸਲ ਪ੍ਰਤੀ ਭਾਰੀ ਰੋਸ
ਸ੍ਰੀ ਅਨੰਦਪੁਰ ਸਾਹਿਬ, 28 ਜੂਨ ( ਦਵਿੰਦਰ ਪਾਲ ਸਿੰਘ, ਅੰਕੁਸ਼ )-ਸ੍ਰੀ ਅਨੰਦਪੁਰ ਸਾਹਿਬ ਨਗਰ ਕੋਂਸਲ ਵੱਲੋਂ ਸ਼ਹਿਰ ਚ’ ਬਹੁਤ ਸਾਫ ਸਫਾਈ ਹੋਣ ਦੇ ਪਾਏ ਜਾਂਦੇ ਰੋਲੇ ਦੀ ਅੱਜ ਉਸ ਸਮੇਂ ਪੋਲ ਖੁੱਲ ਗਈ ਜਦੋਂ ਅੱਜ ਪਏ ਥੋੜੇ ਜਿਹੇ ਮੀਂਹ ਨਾਲ ਹੀ ਸ਼ਹਿਰ ਅਤੇ ਮੇਨ ਬਜਾਰ ਨੂੰ ਜਾਂਦੇ ਮੁੱਖ ਰਸਤੇ ਚ’ ਗੁ: ਭਗਤ ਰਵੀਦਾਸ ਜੀ ਦੇ ਅੱਗੇ ਬਣਿਆਂ ਚੋਂਕ ਚਿੱਕੜ ਦਾ ਤਲਾਬ ਬਣ ਗਿਆ , ਜਿਸ ਕਾਰਨ ਜਿੱਥੇ ਮੇਨ ਬਜਾਰ ਅੰਦਰ ਜਾਣ ਲਈ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ , ਉਥੇ ਹੀ ਗੁ: ਸਾਹਿਬ ਵਿਖੇ ਮੱਥਾ ਟੇਕਣ ਵਾਲੀਆਂ ਸੰਗਤਾਂ ਨੂੰ ਵੀ ਬਹੁਤ ਮੁਸ਼ਕਿਲ ਪੇਸ਼ ਆਈ । ਦੱਸਣਯੋਗ ਹੈ ਕਿ ਸ਼ਹਿਰ ਦੇ ਇਸ ਮੇਨ ਚੋਂਕ ਵਿੱਚੋਂ ਹੀ ਗੁ: ਤਖਤ ਸ੍ਰੀ ਕੇਸਗੜ੍ਹ ਸਾਹਿਬ , ਗੁ: ਕਿਲ੍ਹਾਂ ਸ੍ਰੀ ਅਨੰਦਗੜ੍ਹ ਸਾਹਿਬ , ਗੁ: ਸ਼ਹੀਦੀ ਬਾਗ ਸਾਹਿਬ , ਨਵੀਂ ਆਬਾਦੀ , ਮੇਨ ਬਜਾਰ ਤੇ ਅੱਗੇ ਗੁ: ਸੀਸ ਗੰਜ ਸਾਹਿਬ , ਗੁ: ਭੋਰਾ ਸਾਹਿਬ , ਗੁ: ਬਾਬਾ ਸੰਗਤ ਸਿੰਘ ਜੀ , ਗੁ: ਕਿਲ੍ਹਾਂ ਫਤਹਿਗੜ੍ਹ ਸਾਹਿਬ ਅਤੇ ਸ਼ਹਿਰ ਦੀ ਆਬਾਦੀ ਵੱਲ ਜਾਇਆ ਜਾਂਦਾ ਹੈ । ਸ਼ਹਿਰ ਦਾ ਮੇਨ ਚੋਂਕ ਹੋਣ ਕਾਰਨ ਇੱਥੇ ਹਰ ਸਮੇਂ ਭੀੜ ਬਣੀ ਰਹਿੰਦੀ ਹੈ ਪ੍ਰੰਤੂ ਕਦੇ ਇਸ ਚੋਂਕ ਚ’ ਲੋਕਾਂ ਵੱਲੋਂ ਆਪਣੀਆਂ ਗੱਡੀਆਂ ਗਲਤ ਪਾਰਕ ਕਰਕੇ ਜਾਮ ਦੀ ਸਥਿਤੀ ਬਣਾਈ ਜਾਂਦੀ ਹੈ ਤੇ ਦੂਸਰਾ ਇਸ ਤਰ੍ਹਾਂ ਅਗਰ ਥੋੜਾ ਜਿਹਾ ਮੀਂਹ ਪੈ ਜਾਵੇ ਤਾਂ ਇੱਥੇ ਚਿੱਕੜ ਦਾ ਤਲਾਬ ਬਣ ਜਾਂਦਾ ਹੈ , ਜਿਸ ਕਾਰਨ ਸ਼ਹਿਰ ਵਾਸੀਆਂ ਦਾ ਅਤੇ ਦੇਸ਼ ਵਿਦੇਸ਼ ਤੋਂ ਇੱਥੇ ਨਤਮਸਤਕ ਹੋਣ ਆਉਂਦੇ ਸ਼ਰਧਾਲੂਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰੰਤੂ ਸਭ ਕੁਝ ਦੇਖਦੇ ਹੋਏ ਵੀ ਨਗਰ ਕੋਂਸਲ ਅਧਿਕਾਰੀਆਂ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ। ਸ਼ਹਿਰ ਵਾਸੀਆਂ ਦਮਨਪ੍ਰੀਤ ਸਿੰਘ , ਪ੍ਰਕਾਸ਼ ਸਿੰਘ ਚੀਨੂ , ਜਸਵੀਰ ਸਿੰਘ , ਕੁਲਦੀਪ ਸਿੰਘ , ਜਸਵਿੰਦਰ ਪਾਲ ਸਿੰਘ , ਰਵੀ ਲਟਾਵਾ ਆਦਿ ਨੇ ਸਥਾਨਕ ਐਸ ਡੀ ਐਮ ਸਾਹਿਬ ਅਤੇ ਨਗਰ ਕੋਂਸਲ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਸ ਸਮੱਸਿਆਂ ਦਾ ਕੋਈ ਯੋਗ ਹੱਲ ਕੱਢ ਕੇ ਰੋਜ਼ ਰੋਜ਼ ਆਉਂਦੀ ਪ੍ਰੇਸ਼ਾਨੀ ਤੋਂ ਬਚਾਇਆ ਜਾਵੇ ।