ਬਰਨਾਲਾ, 28 ਜੂਨ (ਗੁਰਪ੍ਰੀਤ ਸਿੰਘ ਸੋਨੀ)- ਪਿੰਡ ਬਡਬਰ ਵਿਖੇ ਦਿਓਰ ਭਰਜਾਈ ਦੇ ਰਿਸ਼ਤੇ ਉਸ ਵੇਲੇ ਤਾਰ ਤਾਰ ਹੋ ਗਏ ਜਦੋਂ ਦਿਓਰਾਂ ਨੇ ਆਪਣੀ ਸਕੀ ਭਰਜਾਈ ਦਾ ਚਾਕੂਆਂ ਨਾਲ ਵੱਢ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ। ਥਾਣਾ ਧਨੌਲਾ ਦੇ ਐਸ.ਐਚ.ਓ. ਕੁਲਦੀਪ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਉੱਪਰ ਪਹੁੰਚਣ ’ਤੇ ਜਾਇਜ਼ਾ ਲੈਂਦਿਆਂ ਜਸਵੰਤ ਸਿੰਘ ਉਰਫ ਜਸਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਜੱਟ ਸਿੱਖ ਵਾਸੀ ਗੱਗਾ ਪੱਤੀ ਬਡਬਰ ਨੇ ਆਪਣੇ ਨਾਲ ਹੋਈ ਹੱਡ ਬੀਤੀ ਸੁਣਾਉਂਦਿਆਂ ਦੱਸਿਆ ਕਿ ਮੈਂ ਬਰਨਾਲਾ ਵਿਖੇ ਤਾਰੀਖ ’ਤੇ ਗਿਆ ਹੋਇਆ ਸੀ ਮੇਰੇ ਪਿੱਛੋਂ ਮੇਰੇ ਛੋਟੇ ਭਰਾ ਕੁਲਦੀਪ ਸਿੰਘ, ਬਲਦੇਵ ਸਿੰਘ ਆਪਣੇ ਇੱਕ ਹੋਰ ਸਾਥੀ ਨਾਲ ਮੇਰੇ ਘਰ ਅੰਦਰ ਸਵੇਰੇ ਕਰੀਬ ਸਾਢੇ 10 ਵਜੇ ਦਾਖਲ ਹੋਏ ਉਸ ਸਮੇਂ ਮੇਰੀ ਪਤਨੀ ਰਾਜਿੰਦਰ ਕੌਰ (43) ਘਰ ਵਿਚ ਇਕੱਲੀ ਸੀ ਤੇ ਉਨ੍ਹਾਂ ਨੇ ਮੌਕਾ ਪਾਉਂਦਿਆਂ ਉਸ ’ਤੇ ਚਾਕੂ ਅਤੇ ਹੋਰ ਹਥਿਆਰਾਂ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਮੈਨੂੰ ਮਗਰੋਂ ਫੋਨ ’ਤੇ ਦੱਸਿਆ ਗਿਆ ਕਿ ਤੇਰੀ ਪਤਨੀ ਦੇ ਸੱਟ ਵੱਜ ਗਈ ਤੇ ਮੈਂ ਘਰ ਆ ਗਿਆ ਮੈਂ ਆ ਕੇ ਦੇਖਿਆ ਕਿ ਉਹ ਵੱਢੀ ਟੁੱਕੀ ਪਈ ਸੀ ਜਿਸਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮੇਰੇ ਨਾਲ ਜ਼ਮੀਨ ਤੇ ਘਰ ਵਾਲੀ ਜਗ੍ਹਾ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੁੰਦੀ ਰਹਿੰਦੀ ਸੀ। ਇਸ ਮੌਕੇ ਮ੍ਰਿਤਕ ਦੇ ਭਤੀਜੇ ਪਰਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਬਡਬਰ ਨੇ ਵੀ ਦੱਸਿਆ ਕਿ ਮੈਂ ਆਪਣੇ ਘਰ ’ਚ ਟੀ.ਵੀ. ਵੇਖ ਰਿਹਾ ਸੀ ਤੇ ਮੈਨੂੰ ਮੇਰੀ ਚਾਚੀ ਦੀਆਂ ਚੀਖਾਂ ਸੁਣੀਆਂ ਤੇ ਜਦ ਮੈਂ ਭੱਜ ਕੇ ਬਾਹਰ ਆਇਆ ਤਾਂ ਕੁਲਦੀਪ ਸਿੰਘ ਤੇ ਬਲਦੇਵ ਸਿੰਘ ਮੇਰੇ ਚਾਚੇ ਆਪਣੇ ਸਾਥੀ ਸਮੇਤ ਮੇਰੇ ਪਿੱਛੇ ਹਥਿਆਰ ਲੈ ਕੇ ਮਗਰ ਪੈ ਗਏ। ਜਦ ਮੈਂ ਘੁੰਮ ਕੇ ਦੂਸਰੀ ਗਲੀ ਵਿਚ ਦੀ ਆਪਣੀ ਚਾਚੀ ਦੇ ਘਰ ਆਇਆ ਤਾਂ ਮੇਰੇ ਆਉਂਦੇ ਨੂੰ ਚਾਚੀ ਖੂਨ ਨਾਲ ਲੱਥ ਪੱਥ ਹੋਈ ਵੱਢੀ ਟੁੱਕੀ ਪਈ ਸੀ ਜਿਸਦੀ ਮੌਤ ਹੋ ਚੁੱਕੀ ਸੀ। ਐਸ. ਐਚ.ਓ. ਧਨੌਲਾ ਕੁਲਦੀਪ ਸਿੰਘ ਨੇ ਦੱਸਿਆ ਕਿ ਕਾਤਲ ਆਪਣਾ ਕੰਮ ਕਰਕੇ ਫਰਾਰ ਹੋ ਗਏ ਹਨ ਮ੍ਰਿਤਕ ਦੇ ਪਤੀ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਦੋਸ਼ੀਆਂ ਦੀ ਭਾਲ ਜਾਰੀ ਹੈ।
ਜ਼ਮੀਨ ਦੀ ਵੰਡ ਨੂੰ ਲੈ ਕੇ ਪਿੰਡ ਬਡਬਰ ਵਿਖੇ ਦਿਊਰਾਂ ਨੇ ਭਰਜਾਈ ਦਾ ਕੀਤਾ ਕਤਲ



