ਫ਼ਿਰੋਜ਼ਪੁਰ 28 ਜੂਨ (ਮਨੋਹਰ ਲਾਲ)- ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਸਿੱਖ ਯਾਤਰੀਆ ਦੇ 300 ਮੈਬਰਾ ਦੇ ਜੱਥੇ ਨੂੰ ਵਾਹਗਾ ਅਟਾਰੀ ਰੇਲਵੇ ਸਟੇਸ਼ਨ ਤੇ ਸਮਝੋਤਾ ਐਕਸਪ੍ਰੈਸ ਰੇਲ ਗੱਡੀ ਵਿਚ ਨਹੀ ਚੜਣ ਦਿੱਤਾ ਗਿਆ ।ਜਿਸ ਕਾਰਨ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿ ਵਿਖੇ ਜਾ ਰਹੇ ਸਿੱਖ ਸੰਗਤਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬਿਨਾ ਵਜਾਹ ਅਟਾਰੀ ਸਟੇਸ਼ਨ ’ਤੇ ਰੋਕਣ ’ਤੇ ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਨੇ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਅੱਜ ਏਥੇ ਜਾਰੀ ਪ੍ਰੈਸ ਬਿਆਨ ਵਿੱਚ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ, ਮੀਤ ਪ੍ਰਧਾਨ ਸੋਹਨ ਸਿੰਘ, ਹਰਜੀਤ ਸਿੰਘ ਜਨਰਲ ਸਕੱਤਰ ਸਵਰਨ ਸਿੰਘ ਨੇ ਕਿਹਾ ਕਿ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ 300 ਦੇ ਕਰੀਬ ਸਿੱਖ ਯਾਤਰੀਆਂ ਦੇ ਵੀਜੇ ਲੱਗੇ ਹੋਣ ਅਤੇ ਪਾਕਿਸ਼ਤਾਨ ਦੀ ਸਪੈਸ਼ਲ ਟਰੇਨ ਅਟਾਰੀ ਵਾਹਗਾ ਦੀ ਇਤਲਾਹ ਵੀ ਭਾਰਤ ਸਰਕਾਰ ਨੂੰ ਪਹਿਲਾਂ ਦਿੱਤੀ ਹੋਣ ਦੇ ਬਾਵਜੂਦ ਬਿਨਾਂ ਕੋਈ ਕਾਰਨ ਦੱਸੇ ਜੱਥੇ ਨੂੰ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਈ ਮਰਦਾਨਾ ਸੋਸਾਇਟੀ ਦੇ ਜੱਥੇ ਦੇ ਲੀਡਰ ਗੁਰਮੁੱਖ ਸਿੰਘ ਚੋਹਲਾ ਸਾਹਿਬ, ਜਗਜੀਤ ਸਿੰਘ ਭੁੱਲਰ, ਖਾਲੜਾ ਮਿਸ਼ਨ ਕਮੇਟੀ ਦੇ ਡਾ: ਦਰਸ਼ਨ ਸਿੰਘ ਨਨਕਾਣਾ ਸਾਹਿਬ, ਯਾਤਰੀ ਜੱਥੇ ਦੇ ਸਵਰਨ ਸਿੰਘ ਗਿੱਲ ਅਤੇ ਜੱਥੇ ਦੇ ਹੋਰ ਆਗੂਆਂ ਸਮੇਤ ਦਿੱਲੀ, ਰਾਜਸਥਾਨ ਅਤੇ ਪੰਜਾਬ ਦੇ ਕੋਣੇ ਕੋਣੇ ਤੋਂ ਆਏ 300 ਦੇ ਕਰੀਬ ਸਿੱਖ ਯਾਤਰੀ ਅਟਾਰੀ ਰੇਲਵੇ ਸਟੇਸ਼ਨ ਦੇ ਬਾਹਰ ਖੜੇ ਹਨ ਪਰ ਇਥੇ ਭਾਰਤ ਸਰਕਾਰ ਵੱਲੋਂ ਕੋਈ ਇੰਤਜ਼ਾਮ ਨਹੀ ਹਨ ਅਤੇ ਸਰਕਾਰ ਵੱਲੋਂ ਵੀਜੇ ਜਾਰੀ ਕਰਨ ਬਾਰੇ ਆਖਿਆ ਗਿਆ ਹੈ । ਸ਼੍ਰ: ਭੁੱਲਰ ਅਤੇ ਹੋਰ ਆਗੂਆਂ ਦੱਸਿਆ ਕਿ ਅੱਜ ਦੇ ਜੱਥਿਆਂ ਵਿੱਚ ਦਿੱਲੀ ਗੁਰਦੂਆਰਾ ਪ੍ਰਬੰਧਕ ਕਮੇਟੀ, ਜੀ.ਕੇ ਗਰੁੱਪ, ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ, ਖਾਲੜਾ ਮਿਸ਼ਨ ਕਮੇਟੀ ਨਨਕਾਣਾ ਸਾਹਿਬ, ਯਾਤਰੀ ਜੱਥਾ ਹਰਭਜਨ ਸਿੰਘ ਦਿੰਲੀ ਗਰੁੱਪ ਤਕਰੀਬਨ 300 ਯਾਤਰੂ ਅਟਾਰੀ ਰੇਲਵੇ ਸਟੇਸ਼ਨ ਉਪਰ ਪੁੱਜੇ ਹੋਏ ਹਨ ਜਿਹਨਾਂ ਵਿੱਚ ਔਰਤਾਂ, ਨਿੱਕੇ ਨਿੱਕੇ ਬੱਚੇ, ਬਜੁਰਗ ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਹਰਾ ਸਾਹਿਬ, ਜਨਮ ਅਸਥਾਨ ਸ਼੍ਰੀ ਗੁਰੂ ਰਾਮਦਾਸ ਜੀ, ਕਰਤਾਰ ਪੁਰ ਸਾਹਿਬ, ਸੱਚਾ ਸੌਦਾ, ਡੇਹਰਾ ਸਾਹਿਬ ਲਾਹੌਰ ਅਤੇ ਹੋਰ ਗੁਰਦੁਅਰਿਆਂ ਦੇ ਦਰਸ਼ਨਾ ਲਈ ਬੇਤਾਬ ਹਨ ਪਰ ਅਗੋਂ ਭਾਰਤ ਸਰਕਾਰ ਦੀ ਖੱਜਲ ਖੁਆਰੀ ਝਲਣੀ ਪੈ ਰਹੀ ਹੈ। ਜਦ ਕਿ ਸਪੈਸ਼ਲ ਟਰੇਨ ਸਵੇਰ ਦੀ ਵਾਹਗਾ ਬਾਰਡਰ ਉਪਰ ਖੜੀ ਹੈ। ਉਨ੍ਹਾਂ ਕਿਹਾ ਕਿ ਸਿੱਖ ਯਾਤਰੀਆਂ ਵਿੱਚ ਰੁਕਾਵਟ ਬਣਨ ‘ਤੇ ਅਸੀਂ ਭਾਰਤ ਸਰਕਾਰ ਦੀ ਜ਼ੋਰਦਾਰ ਨਿਖੇਧੀ ਕਰਦੇ ਹਾਂ।