ਮੀਰੀ ਪੀਰੀ ਦੇ ਸਿਧਾਂਤ ਅਨੁਸਾਰ ਸਿਖ ਨੌਜੁਆਨੀ ਨੂੰ ਗਤਕੇ ਨਾਲ ਜੋੜਿਆ ਜਾਵੇਗਾ
ਅੰਮ੍ਰਿਤਸਰ, 27 ਜੂਨ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਿਚ ਇਕ ਵਿਸ਼ੇਸ਼ ਇਕਤਰਤਾ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿਖੇ ਹੋਈ, ਜਿਸ ਵਿਚ ਹਰਿਆਣਾ ਰਾਜ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਇਲਾਵਾ ਅਕਾਲੀ ਦਲ ਅਤੇ ਇਸਤਰੀ ਅਕਾਲੀ ਦਲ ਦੇ ਨੁਮਾਇੰਦੇ, ਪ੍ਰਚਾਰਕ, ਕਵੀਸ਼ਰ, ਢਾਡੀ, ਵਖ-ਵਖ ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਅਤੇ ਸਕੂਲਾਂ/ਕਾਲਜਾਂ ਦੇ ਪ੍ਰਿੰਸੀਪਲ ਸ਼ਾਮਲ ਹੋਏ। ਇਕਤਰਤਾ ਦੌਰਾਨ 3 ਜੁਲਾਈ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਥਨੇਸਰ, ਕੁਰੂਕਸ਼ੇਤਰ (ਹਰਿਆਣਾ) ਵਿਖੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਗਤਕਾ ਮੁਕਾਬਲਿਆਂ ਦੀ ਤਿਆਰੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਬਾਣੀ ਤੇ ਬਾਣੇ ਦੀ ਖੇਡ ਗਤਕੇ ਨੂੰ ਪ੍ਰਫੁਲਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਤੌਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਫੈਸਲਾ ਕੀਤਾ ਗਿਆ ਹੈ ਕਿ ਹਰ ਸਾਲ ਮੀਰੀ ਪੀਰੀ ਦਿਵਸ ਮੌਕੇ ਗਤਕੇ ਦੇ ਵਿਸ਼ੇਸ਼ ਮੁਕਾਬਲੇ ਕਰਵਾਏ ਜਾਣਗੇ ਤਾਂ ਜੋ ਮੀਰੀ ਪੀਰੀ ਦੇ ਅਸਲ ਸਿਧਾਂਤ ਅਨੁਸਾਰ ਨੌਜੁਆਨ ਪੀੜੀ ਨੂੰ ਸ਼ਸਤਰ ਕਲਾ ਨਾਲ ਜੋੜਿਆ ਜਾ ਸਕੇ।ਉਨ੍ਹਾਂ ਦਸਿਆ ਕਿ ਇਸ ਵਾਰ ਮੀਰੀ ਪੀਰੀ ਦਿਵਸ ਵਾਲੇ ਦਿਨ 3 ਜੁਲਾਈ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਗੁਰਦੁਆਰਾ ਸਾਹਿਬ ਪਾ: ਛੇਵੀਂ ਛੇਹਰਟਾ ਸਾਹਿਬ (ਅੰਮ੍ਰਿਤਸਰ), ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ, ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਲੁਧਿਆਣਾ ਅਤੇ ਗੁਰਦੁਆਰਾ ਸਾਹਿਬ ਪਾ: ਛੇਵੀਂ ਕੁਰੂਕਸ਼ੇਤਰ ਵਿਖੇ ਗਤਕਾ ਮੁਕਾਬਲੇ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਉਨ੍ਹਾਂ ਦਸਿਆ ਕਿ ਇਨ੍ਹਾਂ ਗਤਕਾ ਮੁਕਾਬਲਿਆਂ ਮੌਕੇ ਵਖ-ਵਖ ਗਤਕਾ ਅਖਾੜਿਆਂ ਦੇ ਨਾਲ-ਨਾਲ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੀ ਵਿਸ਼ੇਸ਼ ਭੂਮਿਕਾ ਰਹੇਗੀ।ਉਨ੍ਹਾਂ ਇਹ ਵੀ ਦਸਿਆ ਕਿ ਹਰਿਆਣਾ ਰਾਜ ਦੇ ਸਿਖ ਨੌਜੁਆਨਾਂ ਅਤੇ ਸੰਗਤਾਂ ਨੂੰ ਗੁਰਮਤਿ ਨਾਲ ਜੋੜਨ ਲਈ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ 18 ਜੁਲਾਈ ਨੂੰ ਇਕ ਗੁਰਮਤਿ ਸਿਖਲਾਈ ਕੈਂਪ ਵੀ ਲਗਾਇਆ ਜਾਵੇਗਾ, ਜਿਸ ਵਿਚ ਸਿਖ ਕੌਮ ਦੇ ਮਹਾਨ ਵਿਦਵਾਨ ਆਪਣੇ ਵਿਖਿਆਨਾਂ ਰਾਹੀਂ ਗੁਰਬਾਣੀ ਫਲਸਫੇ, ਸਿਖ ਇਤਿਹਾਸ ਅਤੇ ਰਹਿਤ ਮਰਯਾਦਾ ਸਬੰਧੀ ਜਾਣਕਾਰੀ ਦੇਣਗੇ। ਉਨ੍ਹਾਂ ਦਸਿਆ ਕਿ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਲਈ ਪਹਿਲੇ ਪੜਾਅ ਤਹਿਤ ਪੰਜਾਬ ਦੇ ਨਾਲ-ਨਾਲ ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਨੂੰ ਪ੍ਰਚਾਰ ਖੇਤਰ ਤਹਿਤ ਲਿਆ ਗਿਆ ਹੈ।ਇਸ ਤੋਂ ਬਾਅਦ ਇਹ ਲਹਿਰ ਭਾਰਤ ਦੇ ਹੋਰਨਾਂ ਸੂਬਿਆਂ ਤਕ ਵੀ ਪਹੁੰਚਾਈ ਜਾਵੇਗੀ ਜਿਸ ਤਹਿਤ ਪਿੰਡ ਪਧਰ ਤਕ ਪਹੁੰਚ ਕੀਤੀ ਜਾਵੇਗੀ।ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਸ. ਭੁਪਿੰਦਰ ਸਿੰਘ ਅਸੰਧ, ਸ. ਬਲਦੇਵ ਸਿੰਘ ਖਾਲਸਾ, ਬੀਬੀ ਅਮਰਜੀਤ ਕੌਰ, ਬੀਬੀ ਬਲਜੀਤ ਕੌਰ, ਸ. ਤਜਿੰਦਰ ਸਿੰਘ, ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ, ਸ. ਜਗਸੀਰ ਸਿੰਘ ਮਾਂਗੇਆਣਾ, ਸ. ਮਨਜੀਤ ਸਿੰਘ ਸਕਤਰ, ਸ. ਭਗਵੰਤ ਸਿੰਘ ਧੰਗੇੜਾ ਨਿਜੀ ਸਹਾਇਕ ਆਦਿ ਹਾਜ਼ਰ ਸਨ।