ਪਟਿਆਲਾ, 23 ਜੂਨ (ਪੰਜਾਬ ਟਾਇਮਜ਼ ਬਿਊਰੋ)-ਅੱਜ ਖ਼ਾਲਸਾ ਕਾਲਜ ਪਟਿਆਲਾ ਦਾ ਸਾਲਾਨਾ ਮੈਗਜ਼ੀਨ ‘ਦੀ ਪਟਿਆਲਾ -2016’ ਰਿਲੀਜ਼ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਕਿਹਾ ਕਿ ਇਹ ਮੈਗਜ਼ੀਨ ਕਾਲਜ ਦੇ ਸਮੁੱਚੇ ਵਿਭਾਗਾਂ ਨਾਲ ਸਬੰਧਿਤ ਹੈ, ਜਿਸ ਨੂੰ ਹਿੰਦੀ, ਕਾਮਰਸ, ਪੰਜਾਬੀ, ਅੰਗ੍ਰੇਜ਼ੀ, ਸਾਇੰਸ, ਐਗ੍ਰੀਕਲਚਰ ਅਤੇ ਕੰਪਿਊਟਰ ਸੈਕਸ਼ਨਾਂ ਵਿਚ ਵੰਡਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮੈਗਜ਼ੀਨ ਵਿਚ ਵੱਖ-ਵੱਖ ਸਟ੍ਰੀਮਜ਼ ਦੇ ਵਿਦਿਆਰਥੀਆਂ ਨੂੰ ਆਪਣੀਆਂ ਰਚਨਾਵਾਂ ਪੇਸ਼ ਕਰਨ ਦਾ ਮੌਕਾ ਮਿਲਦਾ ਹੈ ਜਿਸ ਵਿਚ ਉਨ੍ਹਾਂ ਦੇ ਨਿੱਜੀ ਤਜ਼ਰਬੇ, ਮਨੋਵਿਗਿਆਨਕ ਸੋਚ, ਚੌਗ਼ਿਰਦਾ, ਸਵੈ-ਰਚਿਤ ਰਚਨਾਵਾਂ, ਕਹਾਣੀਆਂ ਅਤੇ ਹੋਰ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਗਿਆਨ-ਭਰਪੂਰ ਰਚਨਾਵਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਦੇ ਜ਼ਰੀਏ ਵਿਦਿਆਰਥੀਆਂ ਦੀ ਪ੍ਰਤਿਭਾ ਸਾਹਮਣੇ ਆਉਂਦੀ ਹੈ ਅਤੇ ਉਨ੍ਹਾਂ ਦੀ ਸੋਚ ਦਾ ਘੇਰਾ ਵੀ ਵਿਸ਼ਾਲ ਹੁੰਦਾ ਹੈ। ਇਸ ਮੌਕੇ ਡਾ. ਕਸ਼ਮੀਰ ਸਿੰਘ ਪ੍ਰਿੰਸੀਪਲ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਨੰਦਪੁਰ ਸਾਹਿਬ, ਡਾ. ਕੁਲਦੀਪ ਸਿੰਘ ਬੱਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਬੁਢਲਾਡਾ, ਡਾ. ਹਰਵਿੰਦਰ ਕੌਰ ਮੁੱਖ ਸੰਪਾਦਕ ਅਤੇ ਪ੍ਰੋ. ਸੰਦੀਪ ਚਹਿਲ ਵੀ ਹਾਜ਼ਿਰ ਸਨ। ਡਾ. ਜਸਲੀਨ ਕੌਰ, ਡਿਪਟੀ ਪ੍ਰਿੰਸੀਪਲ, ਨੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਗਜ਼ੀਨ ਵਿਚ ਸ਼ਾਮਿਲ ਰਚਨਾਵਾਂ ਦੇ ਅਧਿਐਨ ਨਾਲ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੀ ਬਹੁ-ਪੱਖੀ ਉਸਾਰੀ ਹੁੰਦੀ ਹੈ ਅਤੇ ਉਹ ਉਚੀ ਸੋਚ ਦੇ ਧਾਰਨੀ ਬਣਦੇ ਹਨ।