ਅੰਮ੍ਰਿਤਸਰ, 10 ਅਕਤੂਬਰ (ਪੀ.ਟੀ.ਬਿਊਰੋ)-ਸਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅਤੇ ਇਸ ਦੇ ਆਲੇ ਦੁਆਲੇ ਵਿਸ਼ੇਸ਼ ਪੌਦੇ ਲਗਾਏ ਜਾਣ ਦੀ ਕਾਰ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਦਰਬਾਰ ਸਾਹਿਬ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ ਅਤੇ ਇਸ ਦੀ ਸੁੰਦਰਤਾ ਨੂੰ ਚਾਰ ਚੰਨ੍ਹ ਲਗਾਏ ਜਾ ਸਕਣ। ਇਸ ਮੌਕੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਸੂਬੇ ‘ਚ ‘ਨੰਨ੍ਹੀ ਛਾਂ’ ਮੁਹਿੰਮ ਚਲਾ ਰਹੀ ਹਰਸਿਮਰਤ ਕੌਰ ਬਾਦਲ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ ਅਤੇ ਉਨ੍ਹਾਂ ਨੇ ਆਪਣੇ ਹੱਥਾਂ ਨਾਲ ਦਰਬਾਰ ਸਾਹਿਬ ‘ਚ ਪੌਦੇ ਲਗਾਏ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਗੁਰਬਾਣੀ ‘ਚ ਗੁਰੂ ਸਾਹਿਬ ਨੇ ਧਰਤੀ ਨੂੰ ਮਾਂ ਦੀ ਉਪਾਧੀ ਦਿੱਤੀ ਅਤੇ ਧਰਤੀ ਮਾਂ ਦੀ ਕੁਖ ‘ਚ ਪੌਦੇ ਲਗਾਏ। ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਕੁਖ ਨੂੰ ਹਰਿਆ ਭਰਿਆ ਰੱਖਣ ‘ਚ ਆਪਣਾ ਯੋਗਦਾਨ ਪਾਈਏ ਅਤੇ ਆਪਣੇ ਆਲੇ ਦੁਆਲੇ ਪੌਦੇ ਲਗਾਈਏ। ਇਸ ਮੌਕੇ ਕਾਰ ਸੇਵਾ ਕਰ ਰਹੇ ਬਾਬਾ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਇਥੇ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ‘ਤੇ ਇਹ ਮੁਹਿੰਮ ਚਲਾਈ ਗਈ ਹੈ ਜਿਸ ਦੇ ਚੱਲਦੇ ਇਥੇ 11000 ਪੌਦੇ ਲਗਾਏ ਗਏ ਹਨ ਅਤੇ 5000 ਪੌਦੇ ਪਹਿਲਾਂ ਵੀ ਲਗਾਏ ਗਏ ਸਨ ਅਤੇ ਇਸ ਕੋਸ਼ਿਸ਼ ਨੂੰ ਹੁਣ ਹਰਿਮੰਦਰ ਸਾਹਿਬ ਤੋਂ ਲੈ ਕੇ ਪੂਰੀ ਗੁਰੂ ਨਗਰੀ ‘ਚ ਅਮਲ ‘ਚ ਲਿਆਇਆ ਜਾਏਗਾ ਤਾਂ ਜੋ ਸ਼ਹਿਰ ਨੂੰ ਹਰਿਆ ਭਰਿਆ ਰੱਖਿਆ ਜਾ ਸਕੇ। ਰਾਹੁਲ ਗਾਂਧੀ ਦੇ ਸੰਗਰੂਰ ਵਿਖੇ ਕੈਂਸਰ ਹਸਪਤਾਲ ਦਾ ਉਦਘਾਟਨ ਕਰਨ ਲਈ ਆਉਣ ਬਾਰੇ ਪੁੱਛੇ ਜਾਣ ‘ਤੇ ਸ. ਸੁਖਬੀਰ ਬਾਦਲ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਦੇ ਸੰਬੰਧ ‘ਚ ਕੋਈ ਗੱਲ ਨਹੀਂ ਕਰਨਾ ਚਾਹੁੰਦੇ, ਪਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਜਿੱਥੇ ਵੀ ਜਾਂਦੇ ਹਨ ਉਥੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਨੁਕਸਾਨ ਹੁੰਦਾ ਹੈ ਅਤੇ ਇਸ ਗੱਲ ਦਾ ਇਤਿਹਾਸ ਗਵਾਹ ਹੈ ਕਿ ਉਹ ਜਿਸ ਵੀ ਹਲਕੇ ‘ਚ ਗਏ ਉਹ ਸੀਟ ਅਕਾਲੀ ਦਲ ਦੀ ਝੋਲੀ ‘ਚ ਪਈ ਹੈ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਰਾਹੁਲ ਗਾਂਧੀ ਪੰਜਾਬ ਆ ਰਹੇ ਹਨ ਅਤੇ ਉਨ੍ਹਾਂ ਦੇ ਆਉਣ ਨਾਲ ਅਕਾਲੀ ਦਲ ਦੀ ਝੋਲੀ ਇਕ ਹੋਰ ਸੀਟ ਪੈ ਜਾਵੇਗੀ।