ਮਾਨਸਾ, 16 ਜੂਨ (ਸੰਤੋਖ ਸਾਗਰ)- ਅਵੇਸਲੇ ਯੁੱਧਾਂ ਦੀ ਨਾਇਕਾਂ, ਬਗਾਨੇ ਬੋਹੜ ਦੀ ਛਾਂ,ਝਨਾਅ ਦੇ ਪਾਣੀ ਆਦਿ ਅਨੇਕਾਂ ਨਾਟਕਾਂ ਦੇ ਲੇਖਕ ਨਿਰਦੇਸ਼ਕ ਲੋਕ ਨਾਇਕ ਪ੍ਰੋਫੈਸਰ ਅਜਮੇਰ ਸਿੰਘ ਔਲਖ ਨੂੰ ਹਜ਼ਾਰਾਂ ਲੋਕਾਂ ਨੇ ਅੱਜ ਛੇਜਲ ਅੱਖਾਂ ਨਾਲ ਇਸ ਨਾਸ਼ਵਾਨ ਸੰਸਾਰ ਤੋਂ ਵਿਦਾਇਗੀ ਦਿੱਤੀ। ਤਿੰਨ ਧੀਆਂ ਦੇ ਪਿਤਾ ਪ੍ਰੋਫੈਸਰ ਅਜਮੇਰ ਸਿੰਘ ਔਲਖ ਸਾਹਿਬ ਜੀ ਦੀ ਅਰਥੀ ਨੂੰ ਮੋਢਾ ਉਹਨਾਂ ਦੀਆਂ ਧੀਆਂ ਨੇ ਦਿੱਤਾ।ਲੱਗਭੱਗ ਨੌ ਸਾਲ ਪਹਿਲਾਂ ਔਲਖ ਸਾਹਿਬ ਨੂੰ ਨਾਮੁਰਾਦ ਬੀਮਾਰੀ ਕੈਂਸਰ ਨੇ ਘੇਰ ਲਿਆ ਸੀ। ਪੰਜਾਬ ਦੇ ਕੋਨੇ ਕੋਨੇ ਵਿੱਚੋਂ ਆਏ ਥਿਏਟਰ ਦੀਆਂ ਟੀਮਾਂ ਦੇ ਨਾਟਕਕਾਰ, ਨਾਟਕ ਨਿਰਦੇਸ਼ਕ, ਰੰਗਮੰਚ ਅਦਾਕਾਰ, ਟੀਵੀ ਅਤੇ ਫਿਲਮੀ ਕਲਾਕਾਰ, ਗਾਇਕ ਕਲਾਕਾਰ, ਇੰਨਕਲਾਬੀ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ, ਲੇਖਕ ਜਥੇਬੰਦੀਆਂ, ਮਾਨਸਾ ਜਿਲੇ ਦਾ ਸਮੁੱਚਾ ਪ੍ਰਸ਼ਾਸ਼ਨ, ਜ਼ਿਲੇ ਦੇ ਪੱਤਰਕਾਰ ਵੀਰ, ਰਿਸ਼ਤੇਦਾਰ ਭੈਣ ਭਰਾ ਅਤੇ ਪੂਰੇ ਪੰਜਾਬ ਤੋਂ ਆਏ ਉਹ ਲੋਕ ਜਿੰਨਾਂ ਦੇ ਦੁੱਖਾਂ ਦਰਦਾਂ ਦੀ ਤਸਵੀਰ ਨੂੰ ਰੰਗਮੰਚ ਰਾਹੀ ਪੇਸ਼ ਕੀਤਾ ਹਾਜਿਰ ਹੋਏ। ਇਸ ਮੌਕੇ ਔਲਖ ਸਾਹਿਬ ਜੀ ਦੀ ਧੀ ਪ੍ਰੋ. ਸੁਪਨਦੀਪ ਕੌਰ ਨੇ ਅਪਣੇ ਪਿਤਾ ਦੀ ਚਿਖਾ ਨੂੰ ਅਗਨੀ ਵਿਖਾਉਣ ਸਮੇ ਪੱਤਰਕਾਰਾਂ ਦੀ ਟੀਮ ਨੂੰ ਸੰਬੋਧਿਨ ਹੁੰਦਿਆਂ ਕਿਹਾ ਕਿ ਸਾਡਾ ਪਰਿਵਾਰ ਮੇਰੇ ਸਤਿਕਾਰਯੋਗ ਪਿਤਾ ਪ੍ਰੋਫੈਸਰ ਔਲਖ ਸਾਹਿਬ ਦੀ ਵਿਚਾਰਧਾਰਾਂ ਨੂੰ ਅੱਗੇ ਵਧਾਵੇਗਾ ਅਤੇ ਅਸੀਂ ਪਹਿਲਾਂ ਦੀ ਤਰਾਂ ਲੋਕ ਪੱਖੀ ਹੁੰਗਾਰਿਆਂ ਦੇ ਪੱਖੀ ਬਣੇ ਰਹਾਂਗੇ।ਉਹਨਾਂ ਕਿ ਮੇਰੇ ਪਿਤਾ ਬਚਪਨ ਤੋਂ ਹੀ ਸੰਘਰਸ਼ੀ ਜੀਵਨ ਜਿਉਂਦੇ ਆ ਰਹੇ ਸਨ। ਸਮਾਜ ਵਿੱਚ ਨਿਮਨ ਕਿਸਾਨੀ ਦਾ ਸੰਕਟ, ਔਰਤਾਂ ਦਾ, ਮਜਦੂਰ ਦਾ ਸ਼ੋਸ਼ਨ ਕਰਨ ਵਾਲੀਆਂ ਉਨ੍ਹਾਂ ਜਮਾਤਾ ਨਾਲ ਸੰਘਰਸ਼ ਕੀਤਾ, ਫਿਰ ਨਾਮੁਰਾਦ ਬੀਮਾਰੀ ਨਾਲ ਸੰਘਰਸ਼ ਕੀਤਾ ਅਤੇ ਉਹਨਾਂ ਕਿਹਾ ਕਿ ਅੱਜ ਲੋਕਾਂ ਨੇ ਦੁੱਖ ਦੀ ਘੜੀ ਵਿੱਚ ਔਲਖ ਪਰਿਵਾਰ ਦਾ ਦੁੱਖ ਵੰਡਾਇਆ ਅਤੇ ਲੋਕ ਨਾਇਕ ਦੇ ਵਾਰਿਸ ਦੀ ਵਿਦਾਇਗੀ ਲੋਕਾਂ ਨੇ ਅਪਣਾ ਫਰਜ ਸਮਝਕੇ ਯਾਦਗਾਰ ਬਣਾਈ ਇਸ ਲਈ ਔਲਖ ਪਰਿਵਾਰ ਸਦਾ ਹੀ ਤੁਹਾਡਾ ਰਿਣੀ ਰਹੇਗਾ। ਇਸ ਮੌਕੇ ਨਾਟਕ ਨਿਰਦੇਸ਼ਕ ਕੀਰਤੀ ਕਿਰਪਾਲ, ਪ੍ਰੋ. ਸਾਹਿਬ ਸਿੰਘ,ਰਾਜ ਜੋਸ਼ੀ,ਭੋਲਾ ਕੁਲਿਹਰੀ, ਸੈਮੂਅਲ ਜੌਨ, ਸਾਗਰ ਸੁਰਿੰਦਰ, ਮੇਘਰਾਜ ਰੱਲਾ ਅਤੇ ਕੁਲਦੀਪ ਦੀਪ ਰੌਜਾਂਵਾਲੀ ਨੇ ਕਿਹਾ ਕਿ ਅੱਜ ਪੂਰਾ ਮਹੌਲ ਉਦਾਸ ਹੋਣ ਵਾਲਾ ਨਹੀ ਸਗੋਂ ਔਲਖ ਸਾਹਿਬ ਜੀ ਦੇ ਪਾਏ ਪੂਰਨਿਆਂ ਤੋਂ ਪ੍ਰੇਰਨਾਂ ਲੈਣ ਵਾਲਾ ਹੈ। ਉਨ੍ਹਾਂ ਕਿਹਾ ਕਿਹਾ ਔਲਖ ਸਾਹਿਬ ਮਾਨਸਾ ਦੀ ਧਰਤੀ ਤੇ ਰੰਗਮੰਚ ਥਿਏਟਰ ਦੇ ਖੇਤਰ ਵਿੱਚ ਸਭ ਤੋਂ ਵੱਡੀ ਸ਼ਖਸ਼ੀਅਤ ਹਨ ਅਤੇ ਉਨ੍ਹਾਂ ਦੀ ਜਿੰਦਗੀ ਸਾਡੇ ਲਈ ਚਾਨਣ ਮੁਨਾਰਾ ਸੀ।
ਅੱਜ ਔਲਖ ਸਾਹਿਬ ਜੀ ਦੇ ਤੁਰ ਜਾਣ ਮਗਰੋਂ ਸਾਨੂੰ ਅਫਸੋਸ ਕਰਨ ਦੀ ਵਜਾਏ ਮਾਨ ਕਰਨਾਂ ਚਾਹੀਦਾ ਹੈ ਕਿ ਅਸੀਂ ਬਹੁਤ ਵੱਡੀ ਪਰੰਪਰਾ ਦੇ ਵਾਰਿਸ ਹਾਂ ਅਤੇ ਆਓ ਅੱਜ ਆਪਾ ਪਰਣ ਕਰੀਏ ਕਿ ਔਲਖ ਸਾਹਿਬ ਜੀ ਦੀ ਵਿਚਾਰਧਾਰਾ ਪਰੰਪਰਾਂ ਨਾਲ ਜੁੜੇ ਹੋਏ ਲੋਕ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹਨ ਅੰਤਰਰਾਸ਼ਟਰੀ ਪੱਧਰ ਜੁੜੇ ਹੋਏ ਹਨ ਉਹਨਾਂ ਸਾਰਿਆਂ ਲਈ ਇਹੋ ਸੁਨੇਹਾ ਅਤੇ ਅਪੀਲ ਹੈ ਕਿ ਆਪਾਂ ਉਨ੍ਹਾਂ ਦੇ ਨਾਮ ਤੇ ਮਾਨਸਾ ਵਿੱਚ ਇੱਕ ਬਹੁਤ ਵੱਡਾ ਸੱਭਿਆਚਰਕ ਕੰਪਲੈਕਸ ਬਣਾਈਏ।