ਫਿਰੋਜ਼ਪੁਰ, 9 ਜੂਨ (ਕਪੂਰ)-ਵਾਤਾਵਰਨ ਪ੍ਰਦੂਸ਼ਣ ਮਨੁੱਖ ਅਤੇ ਪਸ਼ੂ ਪੰਛੀਆਂ ਵਾਸਤੇ ਨੁਕਸਾਨ ਦੇਹ ਹੈ ਜਿਸ ਨਾਲ ਕਈ ਪ੍ਰਕਾਰ ਦੀਆ ਬਿਮਾਰੀਆਂ ਹੋ ਸਕਦੀਆਂ ਹਨ। ਅਸੀਂ ਰੁੱਖਾਂ ਨੂੰ ਕੱਟ ਰਹੇ ਹਾਂ ਜਿਸ ਨਾਲ ਕੁਦਰਤ ਦਾ ਸੰਤੁਲਨ ਵਿਗੜ ਰਿਹਾ ਹੈ ਅਤੇ ਸਾਨੂੰ ਕਈ ਪ੍ਰਕਾਰ ਦੀਆ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਫਿਰੋਜ਼ਪੁਰ ਰਣਜੀਤ ਸਿੰਘ ਨੇ ਬੀਡੀਪੀਓ ਦਫਤਰ ਕੰਪਲੈਕਸ ਵਿਖੇ ਬੇਟੀ ਬਚਾਓ ਮਿਸ਼ਨ ਗਰੁੱਪ ਇੰਡੀਆ ਦੇ ਪ੍ਰਧਾਨ ਸੁਸ਼ੀਲ ਕੁਮਾਰ ‘ਅੰਜੂ’ ਅਤੇ ਪੰਜਾਬ ਪ੍ਰਧਾਨ ਅਜੇ ਸ਼ਰਮਾ ਦੀ ਅਗਵਾਈ ਵਿਚ ਵਾਤਾਵਰਨ ਨੂੰ ਬਚਾਉਣ ਲਈ ਚੱਲ ਰਹੀ ਮੁਹਿੰਮ ਤਹਿਤ ਛਾਂਦਾਰ 80 ਦੇ ਕਰੀਬ ਪੌਦੇ ਲਗਾਉਣ ਉਪਰੰਤ ਪੱਤਰਕਾਰਾਂ ਨਾਲ ਕੀਤਾ। ਇਸ ਮੌਕੇ ਪੰਜਾਬ ਪੱਧਰ ਅਤੇ ਜ਼ਿਲ੍ਹਾ ਪੱਧਰ ਦੇ ਅਹੁਦੇਦਾਰ ਦੀਪਕ ਧਵਨ, ਪਿੰਟੂ ਕਪਾਹੀ, ਰਕੇਸ਼ ਕੁਮਾਰ (ਬੱਬੂ) ਖੁੱਲਰ, ਮੋਨੂੰ ਹਾਂਡਾ, ਮਿਸ. ਦਿੱਵਿਆ, ਵਿਕਾਸ ਪਾਸੀ, ਵਿਕਰਮਜੀਤ, ਰਾਕੇਸ਼ ਕੁਮਾਰ, ਰਾਜੇਸ਼ ਕੁਮਾਰ, ਸੋਨੂੰ ਪੁਰੀ, ਵਿਸ਼ਾਲ ਮਹਿਤਾ, ਸੁਖਵਿੰਦਰ ਸਿੰਘ, ਬੋਹੜ ਸਿੰਘ ਆਦਿ ਹਾਜ਼ਰ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਫਿਰੋਜ਼ਪੁਰ ਰਣਜੀਤ ਸਿੰਘ ਨੇ ਦੱਸਿਆ ਕਿ ਵਾਤਾਵਰਨ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਅੱਜ ਪੂਰਾ ਵਿਸ਼ਵ ਚਿੰਤਤ ਹੈ, ਕਿਉਂਕਿ ਇਸ ਦਾ ਪ੍ਰਭਾਵ ਸਿੱਧੇ ਅਤੇ ਅਸਿੱਧੇ ਰੂਪ ਨਾਲ ਹਰ ਦੇਸ਼ ਤੇ ਪੈ ਰਿਹਾ ਹੈ। ਪ੍ਰਦੂਸ਼ਣ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ ਜਲ ਪ੍ਰਦੂਸ਼ਣ, ਹਵਾ ਪ੍ਰਦੂਸ਼ਣ, ਸ਼ੋਰ ਪ੍ਰਦੂਸ਼ਣ ਆਦਿ। ਪ੍ਰਦੂਸ਼ਣ ਕਾਰਨ ਮਨੁੱਖੀ ਜੀਵਨ ਸਮੇਤ ਹੋਰ ਕਈ ਪ੍ਰਜਾਤੀਆਂ ਨੂੰ ਵੱਡਾ ਖ਼ਤਰਾ ਹੋ ਗਿਆ ਹੈ ਪਰ ਵਾਤਾਵਰਨ ਵਿੱਚ ਪ੍ਰਦੂਸ਼ਣ ਵਧਣ ਲਈ ਸਿਰਫ਼ ਮਾਨਵ ਹੀ ਜ਼ਿੰਮੇਵਾਰ ਹੈ। ਪਲਾਸਟਿਕ ਦੇ ਲਿਫ਼ਾਫ਼ਿਆਂ ਨੇ ਵੀ ਵਾਤਾਵਰਨ ਨੂੰ ਬਹੁਤ ਜ਼ਿਆਦਾ ਪ੍ਰਦੂਸ਼ਿਤ ਕੀਤਾ ਹੈ ਜਿਸ ਕਾਰਨ ਸਰਕਾਰ ਨੂੰ ਪੋਲੀਥੀਨ ਦੇ ਲਿਫ਼ਾਫ਼ਿਆਂ ਦੇ ਉਤਪਾਦਨ ਅਤੇ ਵਰਤੋਂ ਕਰਨ ਤੇ ਪਾਬੰਦੀ ਲਗਾਉਣੀ ਪਈ ਹੈ।