ਫਿਰੋਜ਼ਪੁਰ 8 ਜੂਨ (ਸਤਬੀਰ ਬਰਾੜ)- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਸਾਫ-ਸਫਾਈ, ਪਾਰਕਿੰਗ, ਬਿਜਲੀ ਦੇ ਬਿੱਲਾਂ ਦੇ ਭੁਗਤਾਨ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਸਾਂਭ-ਸੰਭਾਲ ਆਦਿ ਬਾਰੇ ਵਿਚਾਰ ਕਰਨ ਲਈ ਸਮੂਹ ਵਿਭਾਗ ਦੇ ਮੁਖੀਆਂ ਦੀ ਮੀਟਿੰਗ ਸਹਾਇਕ ਕਮਿਸ਼ਨਰ (ਜਨ.) ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਸਹਾਇਕ ਕਮਿਸ਼ਨਰ (ਜਨ.) ਰਣਜੀਤ ਸਿੰਘ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚਾਲੇ ਆਪਣੇ ਦਫ਼ਤਰਾਂ ਅਤੇ ਆਲੇ-ਦੁਆਲੇ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ। ਉਨ੍ਹਾਂ ਆਖਿਆ ਕਿ ਹਰੇਕ ਦਫ਼ਤਰ ਆਪਣਾ ਕਚਰਾ ਆਦਿ ਕੂੜੇਦਾਨਾਂ ਵਿਚ ਰੱਖਣ ਅਤੇ ਸਵੇਰੇ ਸਫ਼ਾਈ ਕਰਮਚਾਰੀਆਂ ਨੂੰ ਸੌਂਪਣ ਤਾਂ ਜੋ ਆਲੇ-ਦੁਆਲੇ ਗੰਦਗੀ ਨਾ ਫੈਲੇ। ਉਨ੍ਹਾਂ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਅਧਿਕਾਰੀ ਤੇ ਮੁਲਾਜ਼ਮ ਆਪਣੇ ਵਹੀਕਲ ਪਾਰਕਿੰਗ ਲਈ ਨਿਸ਼ਚਿਤ ਥਾਵਾਂ ਤੇ ਹੀ ਪਾਰਕ ਕਰਨ ਤਾਂ ਜੋ ਕਿਸੇ ਤਰਾਂ ਦੀ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਲੋਕ ਨਿਰਮਾਣ, ਜਨ ਸਿਹਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਸਾਂਭ-ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣ। ਉਨ੍ਹਾਂ ਕੈਂਟ ਬੋਰਡ ਦੇ ਅਧਿਕਾਰੀਆਂ ਨੂੰ ਵੀ ਆਦੇਸ਼ ਦਿੱਤਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਦੇ ਏਰੀਏ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ। ਉਨ੍ਹਾਂ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਗਰਮੀ ਦੇ ਮੌਸਮ ਵਿਚ ਬਿਜਲੀ ਦੀ ਵਰਤੋਂ ਸੰਜਮ ਨਾਲ ਕਰਨ। ਮੀਟਿੰਗ ਵਿਚ ਡਾ. ਗੁਰਮਿੰਦਰ ਸਿੰਘ ਸਿਵਲ ਸਰਜਨ, ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਇੰਜ਼. ਕੇਡੀ ਸਿੰਘ, ਬੀਰਪ੍ਰਤਾਪ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੀ ਅਧਿਕਾਰੀ ਹਾਜ਼ਰ ਸਨ।