ਬਟਾਲਾ, 8 ਜੂਨ (ਰਾਜੂ ਖੈਹਿਰਾ, ਅਰਵਿੰਦਰ ਸਿੰਘ ਮਠਾਰੂ)- ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ 15 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਨਾ ਕੀਤੀ ਜਾਵੇ। ਕਿਸਾਨਾਂ ਨੂੰ ਇਹ ਅਪੀਲ ਕਰਦਿਆਂ ਖੇਤੀਬਾੜੀ ਵਿਕਾਸ ਅਫ਼ਸਰ ਬਟਾਲਾ ਸ. ਪਰਮਬੀਰ ਸਿੰਘ ਕਾਹਲੋਂ ਨੇ ਦਸਿਆ ਕਿ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੇ ਪਧਰ ਵਿਚ ਹੋ ਰਹੀ ਗਿਰਾਵਟ ਦੇ ਮਦੇ ਨਜ਼ਰ ਖੇਤੀਬਾੜੀ ਵਿਭਾਗ ਵਲੋਂ ਪਿਛਲੇ ਸਮੇਂ ਵਿਚ ਕਿਸਾਨ ਸਿਖਲਾਈ ਕੈਂਪਾਂ, ਪਿੰਡਾਂ ਵਿਚ ਮੁਨਾਦੀ ਅਤੇ ਫੀਲਡ ਸਟਾਫ ਰਾਹੀਂ ਕਿਸਾਨਾਂ ਵਿਚ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਪਨੀਰੀ ਦੀ ਬਿਜਾਈ 1 ਮਈ ਤੋਂ ਪਹਿਲਾਂ ਨਾ ਕੀਤੀ ਜਾਵੇ ਅਤੇ ਝੋਨੇ ਦੀ ਨਾਨ ਬਾਸਮਤੀ ਕਿਸਮਾਂ ਦੀ ਲਵਾਈ 15 ਜੂਨ ਤੋਂ ਪਹਿਲਾਂ ਨਾ ਕੀਤੀ ਜਾਵੇ।
ਸ. ਕਾਹਲੋਂ ਨੇ ਦਸਿਆ ਕਿ ਇਸ ਸਬੰਧੀ ਪੰਜਾਬ ਸਰਕਾਰ ਵਲੋਂ ਪੰਜਾਬ ਪਰਜਰਵੇਸ਼ਨ ਆਫ ਸਬ ਸੁਆਇਲ ਵਾਟਰ ਐਕਟ 2009 ਲਾਗੂ ਕੀਤਾ ਗਿਆ ਹੈ ਜਿਸ ਅਨੁਸਾਰ ਝੋਨੇ ਦੀਆਂ ਨਾਨ ਬਾਸਮਤੀ ਕਿਸਮਾਂ ਦੀ ਲਵਾਈ 15 ਜੂਨ ਤੋਂ ਪਹਿਲਾਂ ਅਤੇ ਬਾਸਮਤੀ ਕਿਸਮਾਂ ਦੀ ਲਵਾਈ 5 ਜੁਲਾਈ ਤੋਂ ਪਹਿਲਾਂ ਕਰਨ ਦੀ ਮਨਾਹੀ ਹੈ ਤਾਂ ਜੋ ਦਿਨੋ ਦਿਨ ਧਰਤੀ ਹੇਠ ਪਾਣੀ ਦੇ ਘਟਦੇ ਪਧਰ ਨੂੰ ਠਲ ਪਾਈ ਜਾ ਸਕੇ। ਉਨ੍ਹਾਂ ਦਸਿਆ ਕਿ ਜੇ ਕੋਈ ਵੀ ਕਿਸਾਨ 15 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਕਰੇਗਾ ਤਾਂ ਉਸ ਖਿਲਾਫ ਇਸ ਐਕਟ ਦੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਲਗਾਇਆ ਗਿਆ ਝੋਨਾ ਉਸ ਕਿਸਾਨ ਦੇ ਖਰਚੇ ’ਤੇ ਵਾਹ ਦਿਤਾ ਜਾਵੇਗਾ।