ਸੰਗਰੂਰ, 7 ਜੂਨ (ਹਰਜੀਤ ਸਿੰਘ ਹਸਨਪੁਰੀ)- ਸੰਗਰੂਰ ਪੁਲੀਸ ਨੇ ਰੇਲਵੇ ‘ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਭੋਲੇ ਭਾਲੇ ਬੇਰੁਜ਼ਗਾਰਾਂ ਨਾਲ ਲਖਾਂ ਰੁਪਏ ਦੀ ਠਗੀ ਮਾਰਨ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਵਲੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਸਾਢੇ ਛੇ ਲਖ ਰੁਪਏ ਦੀ ਰਕਮ ਬਰਾਮਦ ਕੀਤੀ ਹੈ। ਮੁਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ 10 ਬੇਰੁਜ਼ਗਾਰਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਕਰੀਬ 40 ਲਖ ਰੁਪਏ ਠਗੇ ਜਾ ਚੁਕੇ ਹਨ। ਠਗੀ ਮਾਰਨ ਵਾਲਾ ਗਰੋਹ ਬੇਰੁਜ਼ਗਾਰਾਂ ਨੂੰ ਨੌਕਰੀ ਲਈ ਮੈਡੀਕਲ ਕਰਾਉਣ ਵਾਸਤੇ ਬਿਹਾਰ ਲੈ ਕੇ ਜਾਂਦਾ ਸੀ। ਇਕ ਮਾਮਲੇ ‘ਚ ਇਕ ਮਿਸ਼ਰਾ ਨਾਮੀ ਵਿਅਕਤੀ ਦਾ ਨਾਂ ਸਾਹਮਣੇ ਆਇਆ ਹੈ। ਮਾਮਲੇ ਨੂੰ ਅਤਿ ਗੰਭੀਰਤਾ ਨਾਲ ਲੈਂਦਿਆਂ ਪੁਲੀਸ ਜਾਂਚ ‘ਚ ਜੁਟ ਗਈ ਹੈ। ਇਥੇ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿਧੂ ਨੇ ਪ੍ਰੈਸ ਕਾਨਫਰੰਸ ਕਰਕੇ ਦਸਿਆ ਕਿ ਬਲਵਿੰਦਰ ਸਿੰਘ ਵਾਸੀ ਬਮਾਲ ਪਾਸੋਂ ਸ਼ਿਕਾਇਤ ਮਿਲੀ ਸੀ ਕਿ ਰੇਲਵੇ ‘ਚ ਨੌਕਰੀ ਦਾ ਝਾਂਸਾ ਦੇ ਕੇ ਉਸ ਨਾਲ ਪੰਜ ਲਖ ਰੁਪਏ ਦੀ ਠਗੀ ਮਾਰੀ ਹੈ। ਅਕਾਸ਼ਦੀਪ ਸਿੰਘ ਔਲਖ ਡੀਐਸਪੀ ਧੂਰੀ ਵਲੋਂ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਭਗਵੰਤ ਸਿੰਘ ਵਾਸੀ ਪਿੰਡ ਨੂਰਪੁਰਾ ਤਹਿਸੀਲ ਭਵਾਨੀਗੜ੍ਹ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਤਫਤੀਸ਼ ਦੌਰਾਨ ਭਗਵੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸਦੀ ਨਿਸ਼ਾਨਦੇਹੀ ‘ਤੇ ਉਸਦੇ ਘਰ ਬੌਕਸ ਬੈਡ ‘ਚੋਂ 4 ਲਖ 50 ਹਜ਼ਾਰ ਰੁਪਏ ਬਰਾਮਦ ਕਰ ਲਏ ਹਨ ਜਦੋਂਕਿ 2 ਲਖ ਰੁਪਏ ਉਸਦੇ ਘਰ ਅਲਮਾਰੀ ‘ਚੋ ਬਰਾਮਦ ਕੀਤੇ ਹਨ। ਉਨ੍ਹਾਂ ਦਸਿਆ ਕਿ ਮੁਢਲੀ ਪੁਛਗਿਛ ਦੌਰਾਨ ਮੁਲਜ਼ਮ ਨੇ ਮੰਨਿਆ ਹੈ ਕਿ ਉਸਨੇ ਸੁਰਜੀਤ ਸਿੰਘ ਵਾਸੀ ਭੋਗੀਵਾਲ ਪਾਸੋਂ ਵੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਸਾਢੇ ਚਾਰ ਲਖ ਰੁਪਏ ਲਏ ਸਨ। ਜ਼ਿਲ੍ਹਾ ਪੁਲੀਸ ਮੁਖੀ ਨੇ ਦਸਿਆ ਕਿ ਰੇਲਵੇ ‘ਚ ਨੌਕਰੀ ਦਿਵਾਉਣ ਲਈ ਫਾਰਮ ਛਪਵਾਏ ਹੋਏ ਸਨ ਤੇ ਇਹ ਗਿਰੋਹ ਪਿਛਲੇ ਕਰੀਬ 9 ਮਹੀਨਿਆਂ ਤੋਂ ਸਰਗਰਮ ਸੀ। ਫਾਰਮ ਭਰਾਉਣ ਮਗਰੋਂ ਇਹ ਭੋਲੇ ਭਾਲੇ ਬੇਰੁਜ਼ਗਾਰਾਂ ਨੂੰ ਨੌਕਰੀ ਦਾ ਮੈਡੀਕਲ ਕਰਾਉਣ ਲਈ ਬਿਹਾਰ ਲੈ ਕੇ ਜਾਂਦੇ ਸਨ। ਗ੍ਰਿਫ਼ਤਾਰ ਭਗਵੰਤ ਸਿੰਘ ਹੁਣ ਤਕ 10 ਜਣਿਆਂ ਦਾ ਨੌਕਰੀ ਲਈ ਮੈਡੀਕਲ ਕਰਵਾ ਚੁਕਿਆ ਹੈ ਜਿਨ੍ਹਾਂ ਪਾਸੋਂ ਕਰੀਬ 40 ਲਖ ਰੁਪਏ ਵਸੂਲੇ ਜਾ ਚੁਕੇ ਹਨ। ਬੇਰੁਜ਼ਗਾਰਾਂ ਤੋਂ ਵਸੂਲਿਆ 40 ਲਖ ਰੁਪਏ ਕਿਥੇ ਗਿਆ, ਫਾਰਮ ਕਿਥੇ ਛਪਵਾਏ ਗਏ, ਬਿਹਾਰ ਕਿਹੜੇ ਦਫ਼ਤਰ ‘ਚ ਮੈਡੀਕਲ ਲਈ ਲਿਜਾਂਦੇ ਸਨ, ਕੀ ਰੇਲਵੇ ਦਾ ਕੋਈ ਅਧਿਕਾਰੀ ਜਾਂ ਮੁਲਾਜ਼ਮ ਵੀ ਇਸ ਮਾਮਲੇ ‘ਚ ਸ਼ਾਮਲ ਹੈ, ਬਾਰੇ ਪੁਲੀਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਇਸ ਮੌਕੇ ਹਰਮੀਤ ਸਿੰਘ ਹੁੰਦਲ ਐਸਪੀ (ਡੀ) ਤੇ ਅਕਾਸ਼ਦੀਪ ਸਿੰਘ ਔਲਖ ਡੀਐਸਪੀ ਧੂਰੀ ਵੀ ਮੌਜੂਦ ਸਨ।