ਜਲੰਧਰ, 25 ਸਤੰਬਰ (ਪੀ.ਟੀ.ਬਿਊਰੋ)-ਦੱਬੇ ਕੁਚਲੇ ਸਮਾਜ ਦੀ ਹੋਣੀ ਨੂੰ ਬੇਹਤਰ ਬਣਾਉਣ ਦੇ ਸੁਫ਼ਨੇ, ਸੇਧ, ਵਿਚਾਰਧਾਰਾ ਸਿਰਜਣ ਵਾਲਾ ਇਨਕਲਾਬੀ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਦੀ ਯਾਦ ਵਿੱਚ ਸਮਰਪਿਤ ਪ੍ਰੋਗਰਾਮ 27 ਸਤੰਬਰ ਦੀ ਰਾਤ ਨੂੰ ਸ਼ਾਮ 7.00 ਵਜੇ ਤੋਂ ਸਵੇਰ 4 ਵਜੇ ਤੱਕ ਚੱਲੇਗਾ, ਜੋ ਬਰਨਾਲਾ ਦੀ ਨਵੀਂ ਦਾਣਾ ਮੰਡੀ ਵਿੱਚ ਹੋਵੇਗਾ। ਇਹ ਪ੍ਰੋਗਰਾਮ ਨੂੰ ਪਲਸ ਮੰਚ ਵੱਲੋਂ ਆਯੋਜਿਤ ਕੀਤਾ ਗਿਆ ਹੈ। ਕਾਮਰੇਡ ਅਮੋਲਕ ਸਿੰਘ ਨੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ‘ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪ੍ਰੋਗਰਾਮ ਗਦਰ ਲਹਿਰ ਸ਼ਤਾਬਦੀ ਨੂੰ ਸਮਰਪਿਤ ਹੈ, ਜਿਸ ‘ਚ ਪੰਜ ਨਾਟਕ ਹੋਣਗੇ। ਅਮੋਲਕ ਸਿੰਘ, ਤੇ ਡਾ. ਅਰੀਤ ਕੌਰ ਮੁੱਖ ਬੁਲਾਰੇ ਹੋਣਗੇ। ਇਸ ਵਿੱਚ ਨਸ਼ਿਆਂ ਖਿਲਾਫ਼, ਜਬਰ ਜਨਾਹ ਮਾਮਲੇ, ਅਸ਼ਲੀਲ ਸੱਭਿਆਚਾਰ ਖਿਲਾਫ਼ ਪ੍ਰੋਗਰਾਮ ਹੋਣਗੇ ਤੇ ਡਾ. ਗੋਵਲਕਰ ਕਤਲ, ਤੇ ਪੱਤਰਕਾਰ ਮਲਹੋਤਰਾ ਦੀ ਭੇਦਭਰੀ ਕਹਾਣੀ ‘ਤੇ ਬੁਲਾਰੇ ਸੰਬੋਧਨ ਕਰਨਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਕਿਹਾ ਕੇ ਕਿਸਾਨ ਜਥੇਬੰਦੀ ਇਸ ਪ੍ਰੋਗਰਾਮ ‘ਚ ਡਟ ਕੇ ਸ਼ਮੂਲੀਅਤ ਕਰੇਗੀ ਤੇ ਫ਼ਸਲਾਂ ਦੇ ਵਾਜਬ ਰੇਟ ਤੇ ਹੋਰ ਕਿਸਾਨੀ ਮੰਗਾਂ ‘ਤੇ ਵੀ ਬੁਲਾਰੇ ਬੋਲਣਗੇ। ਸੰਘਰਸ਼ਸ਼ੀਲ ਤੇ ਇਨਕਲਾਬੀ ਲੋਕਾਂ ਦਾ ਇਹ ਹੋਣ ਵਾਲਾ ਇਕੱਠ ਕੀ ਆਉਂਦੀਆਂ ਲੋਕ ਸਭਾ ਚੋਣਾਂ ਦੇ ਸੰਦਰਭ ‘ਚ ਪੰਜਾਬ ਵਿੱਚ ਕੋਈ ਰਾਜਨੀਤਕ ਸਪੱਸ਼ਟ ਸੰਕੇਤ ਦੇ ਸਕੇਗਾ ਜਾਂ ਫੇਰ ਹੋਰਨਾਂ ਨਾਟਕ ਮੇਲਿਆਂ ਵਾਂਗ ਮਹਿਜ ਨਾਟਕਾਂ ਵਿੱਚ ਹੀ ਰਾਜਨੀਤਕ ਤਬਦੀਲੀ ਕਰਨ ਦੇ ਆਮ ਸਾਲਾਂ ਤੋਂ ਚੱਲੇ ਆਉਂਦੇ, ‘ਕਾਮਰੇਡਾਂ ਦੇ ਡਰਾਮਿਆਂ ਦਾ ਪ੍ਰੋਗਰਾਮ ਹੀ ਬਣ ਕੇ ਵਿੱਝੜੇਗਾ’ ਇਸ ਤੇ ਬਦਲ ਚਾਹੁੰਦੇ ਲੋਕਾਂ ਦੀ ਬਾਜ ਨਜ਼ਰ ਲੱਗੀ ਰਹੇਗੀ। ਉਹ ਇਸ ਕਰਕੇ ਕਿ ਇਹ ਲੋਕ ਚੇਤਨਾ ਵਿੱਚ ਸਮਾਂ ਲੰਘਾ ਰਹੇ ਹਨ, ਜੋ ਨਾ ਠੋਸ ਲੋਕਤੰਤਰੀ ਚੋਣ ਪ੍ਰਕਿਰਿਆ ਵਿੱਚ ਭਾਗ ਲੈਂਦੇ ਹਨ, ਜਿਸ ਕਰਕੇ ਇਹ ਇਕੱਠਾਂ ਦੇ ਵੋਟਰ ਮੁੜ ਕਾਂਗਰਸ, ਅਕਾਲੀ-ਭਾਜਪਾ ਉਮੀਦਵਾਰਾਂ ਦੀ ਝੋਲੀ ਵੋਟ ਪਾ ਦਿੰਦੇ ਹਨ। ਘੱਟ ਗਿਣਤੀ ਕਰਕੇ ਇਨ੍ਹਾਂ ਦੇ ਇਨਕਲਾਬੀ ਕ੍ਰਾਂਤੀ ਵਾਲੇ ਤਿੱਖੇ ਅੰਦੋਲਨ ਵੀ ਵੱਧੋ-ਵੱਧ ਮਹੀਨਾ ਚੱਲ ਕੇ ਛੋਟੇ ਮੋਟੇ ਸਰਕਾਰੀ ਤੰਤਰ ਸਮਝੌਤਿਆਂ ‘ਚ ਦਮ ਤੋੜ ਜਾਂਦੇ ਹਨ। ਲੋਕ ਰਾਏ ਮੁਤਾਬਕ ਸਪੱਸ਼ਟ ਨਿਰਣੇ ਬਗੈਰ ਇਨਕਲਾਬੀ ਲੀਡਰਾਂ ਦੇ ਪ੍ਰੋਗਰਾਮ ਮਹਿਜ ਯਾਦਗਰੀ ਮੇਲੇ ਹੀ ਬਣ ਕੇ ਰਹਿ ਰਹੇ ਹਨ। ਲੋਕ ਇਸ ਵੇਲੇ ਸਭ ਇਨਕਲਾਬੀ ਧਿਰਾਂ, ਕਿਸਾਨ, ਮਜ਼ਦੂਰ, ਸੰਗਠਨਾਂ, ਮੁਲਾਜ਼ਮ ਜਥੇਬੰਦੀਆਂ ਦਾ ਵੀ ਰਾਜਨੀਤਕ ਤੌਰ ‘ਤੇ ਪੂੰਜੀਵਾਦੀ ਨੀਤੀਆਂ ਖਿਲਾਫ਼ ਇੱਕ ਰਾਜਨੀਤਕ ਪਲੇਟਫਾਰਮ ‘ਤੇ ਇਕੱਠੇ ਹੋਣਾ ਲੋਚਦੇ ਹਨ। ਪੇਂਡੂ ਲੋਕ ਹੁਣ ਕਾਂਗਰਸ ਤੇ ਅਕਾਲੀ-ਭਾਜਪਾ ਗੱਠਜੋੜ ਦੇ ਖਿਲਾਫ਼ ਸੱਤਾ ਦੇ ਤੀਜੇ ਰਾਜਨੀਤਕ ਬਦਲ ਨੂੰ ਹੁਣ ਸਮੇਂ ਦੀ ਮੁੱਖ ਲੋੜ ਮੰਗਦੇ ਹਨ।