ਸੇਂਟ ਪੀਟ੍ਰਸਬਰਗ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਜ਼ੋਰ ਦਿੰਦੇ ਹੋਏ ਕਿਹਾ ਕਿ ਪੈਰਿਸ ਜਲਵਾਯੂ ਪਰਿਵਰਤਨ ਸਮਝੌਤੇ ‘ਤੇ ਭਾਰਤ ਦੇ ਪੱਖ ‘ਚ ਕੋਈ ਪਰਿਵਰਤਨ ਨਹੀਂ ਹੋਵੇਗਾ। ਮੋਦੀ ਨੇ ਅਮਰੀਕਾ ਦੇ ਪੈਰਿਸ ਸਮਝੌਤੇ ਤੋਂ ਵੱਖ ਹੋਣ ਦੀ ਘੋਸ਼ਣਾ ਨਾਲ ਸਬੰਧਿਤ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਸਮਝੌਤਾ ਭਵਿੱਖ ਦੀਆਂ ਪੀੜੀਆਂ ਲਈ ਹੈ ਅਤੇ ਇਸ ਸਬੰਧ ‘ਚ ਭਾਰਤ ਦੇ ਪੱਖ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਅਮਰੀਕਾ ਨੇ ਪੈਰਿਸ ਸਮਝੌਤੇ ਤੋਂ ਵੱਖ ਹੁੰਦੇ ਹੋਏ ਕਿਹਾ ਕਿ ਇਹ ਜ਼ਿਆਦਾਤਰ ਪ੍ਰਦੂਸ਼ਣ ਕਰਨ ਵਾਲੇ ਚੀਨ ਅਤੇ ਭਾਰਤ ਜਿਹੇ ਦੇਸ਼ਾਂ ਦੇ ਪੱਖ ‘ਚ ਹੈ। ਮੋਦੀ ਨੇ ਕਿਹਾ ਕਿ ਪੈਰਿਸ ਸਮਝੌਤੇ ਤੋਂ ਪਹਿਲਾਂ ਹੀ ਭਾਰਤ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨਾਲ ਨਜਿੱਠਣ ਦੇ ਯਤਨਾਂ ‘ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਆਪਣੀ ਜ਼ਿੰਮੇਵਾਰੀਆਂ ਦਾ ਅਹਿਸਾਸ ਹੈ। ਮੋਦੀ ਨੇ ਜਰਮਨੀ ਯਾਤਰਾ ਦੌਰਾਨ ਇਸ ਸਬੰਧ ‘ਚ ਦਿੱਤੇ ਬਿਆਨ ਨੂੰ ਦੋਹਰਾਇਆ, ”ਪੈਰਿਸ ਸਮਝੌਤੇ ਹੋਵੇ ਜਾਂ ਨਾ ਹੋਵੇ, ਉਨ੍ਹਾਂ ਦੀ ਸਰਕਾਰ ਆਪਣੀ ਵਚਨਬੱਧਤਾ ‘ਤੇ ਕਾਇਮ ਰਹੇਗੀ।”