ਉਚੇਰੀ ਸਿੱਖਿਆ ਵਿਭਾਗ ਅਤੇ ਰਿਲਾਇੰਸ ਜੀਓ ਵਿਚਾਲੇ ਸਹੀਬੱਧ ਹੋਇਆ ਐਮ.ਓ.ਯੂ.
ਚੰਡੀਗੜ੍ਹ, 30 ਮਈ- ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਦੇ ਸਾਰੇ 48 ਸਰਕਾਰੀ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਮੁਫਤ ਵਾਈ-ਫਾਈ ਦੀ ਸਹੂਲਤ ਮਿਲੇਗੀ। ਸਾਰੇ ਸਰਕਾਰੀ ਕਾਲਜਾਂ ਦੇ ਕੈਂਪਸਾਂ ਨੂੰ ਵਾਈ-ਫਾਈ ਨਾਲ ਲੈਸ ਕਰਨ ਸਬੰਧੀ ਅੱਜ ਸ੍ਰੀਮਤੀ ਚੌਧਰੀ ਦੀ ਹਾਜ਼ਰੀ ਵਿੱਚ ਉਚੇਰੀ ਸਿੱਖਿਆ ਵਿਭਾਗ ਅਤੇ ਰਿਲਾਇਸ ਜੀਓ ਵਿਚਾਲੇ ਆਪਸੀ ਸਹਿਮਤੀ ਦੇ ਸਮਝੌਤੇ ’ਤੇ ਦਸਤਖਤ ਕੀਤੇ ਗਏ। ਵਿਭਾਗ ਵੱਲੋਂ ਸਕੱਤਰ ਸ੍ਰੀ ਅਨੁਰਾਗ ਵਰਮਾ ਅਤੇ ਰਿਲਾਇਸ ਜੀਓ ਵੱਲੋਂ ਉਨ੍ਹਾਂ ਦੇ ਸਟੇਟ ਹੈਡ ਸ੍ਰੀ ਟੀ.ਪੀ.ਐਸ. ਵਾਲੀਆ ਨੇ ਦਸਤਖਤ ਕੀਤੇ। ਉਚੇਰੀ ਸਿੱਖਿਆ ਮੰਤਰੀ ਨੇ ਕਿਹਾ ਕਿ ਡਿਜ਼ੀਟਲ ਯੁੱਗ ਵਿੱਚ ਵਿਦਿਆਰਥੀਆਂ ਨੂੰ ਸੂਚਨਾ ਤਕਨਾਲੋਜੀ ਨਾਲ ਜੋੜਨ ਦੇ ਮਕਸਦ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਵਾਈ-ਫਾਈ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਤਹਿਤ ਪਹਿਲੇ ਪੜਾਅ ਵਿੱਚ ਕਾਲਜਾਂ ਦੇ ਕੈਂਪਸ ਵਾਈ-ਫਾਈ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਕਾਰ ਵੱਲੋਂ ਫੈਸਲਾ ਕੀਤਾ ਕਿ ਸਾਰੇ ਸਰਕਾਰੀ ਕਾਲਜਾਂ ਵਿੱਚ ਰਿਲਾਇਸ ਜੀਓ ਵੱਲੋਂ ਮੁਫਤ ਵਾਈ-ਫਾਈ ਦੀ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਏਡਿਡ ਕਾਲਜਾਂ ਨੂੰ ਵੀ ਇਸ ਦੇ ਘੇਰੇ ਵਿੱਚ ਲਿਆਉਣ ਦੀ ਤਜਵੀਜ਼ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਕਿਸੇ ਵੀ ਕਾਲਜ ਜਾਂ ਵਿਦਿਆਰਥੀ ਨੂੰ ਕੋਈ ਵੀ ਭੁਗਤਾਨ ਨਹੀਂ ਕਰਨਾ ਪਵੇਗਾ। ਇਸ ਮੌਕੇ ਰਿਲਾਇੰਸ ਜੀਓ ਦੇ ਸਟੇਟ ਹੈਡ ਸ੍ਰੀ ਟੀ.ਪੀ.ਐਸ. ਵਾਲੀਆ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਾਰੇ ਕਾਲਜਾਂ ਵਿੱਚ ਵਾਈ-ਫਾਈ ਦਾ ਢਾਂਚਾ ਅਤੇ ਸੇਵਾਵਾਂ ਮੁਫਤ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਕ ਸਾਲ ਲਈ ਹਰ ਵਿਦਿਆਰਥੀ ਤੇ ਅਧਿਆਪਕ ਨੂੰ ਪ੍ਰਤੀ ਦਿਨ 20 ਐਮ.ਬੀ. ਤੱਕ ਡਾਟਾ ਦਿੱਤਾ ਜਾਵੇਗਾ। ਇਸ ਮੌਕੇ ਡੀ.ਪੀ.ਆਈ. (ਕਾਲਜਾਂ) ਸ੍ਰੀ ਪਰਮਜੀਤ ਸਿੰਘ, ਸ੍ਰੀ ਲਖਮੀਰ ਸਿੰਘ, ਡਿਪਟੀ ਡਾਇਰੈਕਟਰ ਸ੍ਰੀ ਅਨਿਲ ਕੁਮਾਰ, ਰਿਲਾਇਸ ਜੀਓ ਦੇ ਮਾਰਕਿਟਿੰਗ ਹੈਡ ਸ੍ਰੀ ਵੈਭਵ ਮਹਿਰਾ ਵੀ ਹਾਜ਼ਰ ਸਨ।