ਨਵੀਂ ਸੱਭਿਆਚਾਰਕ ਨੀਤੀ ਨੌਜਵਾਨਾਂ ਨੂੰ ਧਿਆਨ ’ਚ ਰੱਖ ਕੇ ਤਿਆਰ ਹੋਵੇਗੀ : ਨਵਜੋਤ ਸਿੰਘ ਸਿੱਧੂ

image ਚੰਡੀਗੜ੍ਹ, 29 ਮਈ (ਬਲਜੀਤ ਸਿੰਘ ਬਰਾੜ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਣਾਈ ਜਾ ਰਹੀ ਸੱਭਿਆਚਾਰਕ ਨੀਤੀ ਦਾ ਖਾਕਾ ਨੌਜਵਾਨਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾ ਰਿਹਾ ਹੈ ਤਾਂ ਜਾਂ ਇੰਟਰਨੈਟ ਦੇ ਯੁੱਗ ਵਿੱਚ ਬੱਚਿਆਂ ਤੇ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ, ਸੱਭਿਆਚਾਰ, ਮਾਂ ਬੋਲੀ ਨਾਲ ਜੋੜਿਆ ਜਾ ਸਕੇ। ਇਹ ਖੁਲਾਸਾ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਸਾਹਿਤ, ਸੱਭਿਆਚਾਰ, ਸੰਗੀਤ, ਫਿਲਮਾਂ ਅਤੇ ਅਕਾਦਮਿਕ ਮਾਮਲਿਆਂ ਦੇ ਮਾਹਿਰਾਂ ਨਾਲ ਸੱਭਿਆਚਾਰਕ ਨੀਤੀ ਦਾ ਖਾਕਾ ਉਲੀਕਣ ਲਈ ਸੱਦੀ ਮੀਟਿੰਗ ਉਪਰੰਤ ਕਿਹਾ। ਉਨ੍ਹਾਂ ਕਿਹਾ ਕਿ ਸੂਬੇ ਦੀ 55 ਫੀਸਦੀ ਵਸੋਂ ਨੌਜਵਾਨ ਹਨ ਜਿਨ੍ਹਾਂ ਵਿੱਚੋਂ ਬਹੁਤੀ 38 ਸਾਲ ਤੋਂ ਘੱਟ ਉਮਰ ਦੀ ਹੈ। ਉਨ੍ਹਾਂ ਕਿਹਾ ਕਿ 21ਵੀਂ ਸਦੀ ਵਿੱਚ ਇੰਟਰਨੈਟ ਦੇ ਯੁੱਗ ਕਾਰਨ ਛੋਟਾ ਬੱਚਾ ਵੀ ਇਸ ਨਾਲ ਜੁੜ ਰਿਹਾ ਹੈ ਇਸ ਲਈ ਬੱਚਿਆਂ ਤੇ ਨੌਜਵਾਨਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਸੱਭਿਆਚਾਰਕ ਨੀਤੀ ਬਣਾਈ ਜਾਵੇਗੀ। ਸ੍ਰੀ ਸਿੱਧੂ ਵੱਲੋਂ ਸੱਦੀ ਇਸ ਮੀਟਿੰਗ ਵਿੱਚ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ, ਵਿਭਾਗ ਦੇ ਸਲਾਹਕਾਰ ਡਾ.ਅਮਰ ਸਿੰਘ, ਪ੍ਰਮੁੱਖ ਸਕੱਤਰ ਸ੍ਰੀ ਜਸਪਾਲ ਸਿੰਘ ਤੇ ਡਾਇਰੈਕਟਰ ਡਾ.ਨਵਜੋਤ ਪਾਲ ਸਿੰਘ ਰੰਧਾਵਾ ਸਣੇ 40 ਦੇ ਕਰੀਬ ਬੁੱਧੀਜੀਵੀ ਤੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਨੇ ਆਪਣੇ ਵੱਡਮੁੱਲੇ ਸੁਝਾਅ ਦਿੱਤੀ। 5 ਘੰਟੇ ਤੋਂ ਵੱਧ ਸਮਾਂ ਚੱਲੀ ਇਸ ਮੈਰਾਥਾਨ ਮੀਟਿੰਗ ਵਿੱਚ ਸ੍ਰੀ ਸਿੱਧੂ ਨੇ ਮਾਹਿਰਾਂ ਤੋਂ ਇਹ ਸੁਝਾਅ ਸੁਣੇ ਕਿ ਸੱਭਿਆਚਾਰਕ ਨੀਤੀ ਦਾ ਖਾਕਾ ਕੀ ਹੋਵੇਗਾ ਅਤੇ ਇਸ ਨੂੰ ਲਾਗੂ ਕਿਵੇਂ ਕਰਨਾ ਹੈ। ਸ੍ਰੀ ਸਿੱਧੂ ਨੇ ਸਾਰੇ ਸੁਝਾਅ ਸੁਣਨ ਉਪਰੰਤ ਕਿਹਾ ਕਿ ਸੱਭਿਆਚਾਰਕ ਨੀਤੀ ਨੂੰ ਅੰਤਿਮ ਪ੍ਰਵਾਨਗੀ ਅਤੇ ਇਸ ਦਾ ਐਲਾਨ ਮੁੱਖ ਮੰਤਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਜਾਵੇਗਾ ਜਿਸ ਲਈ ਉਨ੍ਹਾਂ ਕੋਲ ਨੀਤੀ ਦਾ ਖਾਕਾ ਉਲੀਕਣ ਲਈ ਉਹ ਬੁੱਧੀਜੀਵੀਆਂ ਦੀ ਇਕ ਕੋਰ ਕਮੇਟੀ ਬਣਾਉਣਗੇ ਜੋ ਇਸ ਸਾਰੇ ਸੁਝਾਵਾਂ ਨੂੰ ਇਕੱਠਾ ਕਰ ਕੇ ਅੰਤਿਮ ਖਾਕਾ ਤਿਆਰ ਕਰੇਗੀ ਅਤੇ ਇਹ ਕਮੇਟੀ ਨੀਤੀ ਲਾਗੂ ਕਰਨ ਤੋਂ ਇਲਾਵਾ ਸਮੇਂ-ਸਮੇਂ ’ਤੇ ਵਿਭਾਗ ਦੀ ਅਗਵਾਈ ਵੀ ਕਰੇਗੀ। ਇਸ ਕੋਰ ਕਮੇਟੀ ਹੇਠ 50 ਮਾਹਿਰਾਂ ਦੀ ਕਮੇਟੀ ਹੋਵੇਗੀ ਜੋ ਸਾਲ ਵਿੱਚ ਦੋ ਵਾਰ ਮੀਟਿੰਗ ਕਰਿਆ ਕਰੇਗੀ। ਤਕਨੀਕੀ ਸਿੱਖਿਆ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਮੀਟਿੰਗ ਦੀ ਸ਼ੁਰੂਆਤ ਵਿੱਚ ਬੋਲਦਿਆਂ ਕਿਹਾ ਕਿ ਸਾਨੂੰ ਸੱਭਿਆਚਾਰਕ ਮਸ਼ਾਲ ਲੈ ਕੇ ਤੁਰਨ ਦੀ ਲੋੜ ਹੈ ਤਾਂ ਜੋ ਇਸ ਦਾ ਸੁਨੇਹਾ ਘਰ-ਘਰ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਆਮ ਲੋਕ ਸਭ ਤੋਂ ਵੱਧ ਕਲਾਕਾਰਾਂ ਦਾ ਪ੍ਰਭਾਵ ਕਬੂਲਦੇ ਹਨ ਅਤੇ ਕਲਾਕਾਰਾਂ ਦਾ ਇਹ ਨੈਤਿਕ ਤੇ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹਾ ਪੇਸ਼ ਕਰਨ ਜਿਸ ਤੋਂ ਲੋਕ ਸੇਧ ਲੈ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਸੈਰ ਸਪਾਟਾ ਪ੍ਰਫੁੱਲਤ ਕਰਨ ਲਈ ਧਾਰਮਿਕ ਤੇ ਵਿਰਾਸਤੀ ਥਾਵਾਂ ਦਾ ਸੁੰਦਰੀਕਰਨ ਕੀਤਾ ਜਾਵੇ ਤਾਂ ਜੋ ਸੈਲਾਨੀ ਹੋਰ ਵੀ ਵੱਡੀ ਗਿਣਤੀ ਵਿੱਚ ਆਉਣ। ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਸੱਭਿਆਚਾਰਕ ਨੀਤੀ ਵਿੱਚ ਹਰ ਪਹਿਲੂ ਨੂੰ ਸ਼ਾਮਲ ਕੀਤਾ ਜਾਵੇਗਾ ਜਿਸ ਵਿੱਚ ਪੰਜਾਬੀ ਮਾਂ ਬੋਲੀ ਦਾ ਪਸਾਰ, ਨਵੀਂ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਨਾ, ਅਮੀਰ ਪੰਜਾਬੀ ਵਿਰਸੇ ਤੇ ਵਿਰਾਸਾਤਾਂ ਦੀ ਸਾਂਭ-ਸੰਭਾਲ, ਵਿਭਾਗ ਨੂੰ ਪੈਰਾਂ ਸਿਰ ਕਰਨ ਅਤੇ ਆਪਣੇ ਸੱਭਿਆਚਾਰ ਨੂੰ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਪਸਾਰਨ ਲਈ ਪੰਜਾਬ ਵਿੱਚ ਸੈਰ ਸਪਾਟਾ ਨੂੰ ਹੁਲਾਰਾ ਦੇਣਾ, ਫਿਲਮ ਸਿਟੀ ਦਾ ਨਿਰਮਾਣ ਅਤੇ ਪਾਇਰੇਸੀ ਨੂੰ ਰੋਕਣ ਲਈ ਗੁੰਡਾ ਐਕਟ ਵਾਂਗ ਕੋਈ ਕਾਨੂੰਨ ਪ੍ਰਾਵਧਾਨ ਆਦਿ ਸ਼ਾਮਲ ਹੋਣਗੇ। ਸ੍ਰੀ ਸਿੱਧੂ ਨੇ ਕਿਹਾ ਕਿ ਬੱਚਿਆਂ ਦੇ ਮਨਾਂ ਉਪਰ ਕਾਰਟੂਨ, ਇੰਟਰਨੈਟ, ਫਿਲਮਾਂ ਆਪਣਾ ਪ੍ਰਭਾਵ ਛੱਡਦੀਆਂ ਹਨ ਜਿਸ ਲਈ ਉਨ੍ਹਾਂ ਦੀ ਇਹ ਕੋਸ਼ਿਸ਼ ਹੈ ਕਿ ਕਾਰਟੂਨਾਂ ਨੂੰ ਪੰਜਾਬੀ ਬੋਲੀ ਵਿੱਚ ਅਨੁਵਾਦ ਕਰ ਕੇ ਬੱਚਿਆਂ ਨੂੰ ਦਿਖਾਇਆ ਜਾਵੇ। ਇਸ ਬਾਰੇ ਸ੍ਰੀ ਸੁਰਜੀਤ ਪਾਤਰ ਨੇ ਆਪਣੇ ਵਿਚਾਰ ਪ੍ਰਗਟਾਏ ਅਤੇ ਇਹ ਵੀ ਕਿਹਾ ਕਿ ਪੰਜਾਬੀ ਕਲਾਕਾਰਾਂ, ਸਾਹਿਤਕਾਰਾਂ, ਫਨਕਾਰਾਂ ਦੇ ਰੂ ਬ ਰੂ ਪ੍ਰੋਗਰਾਮ ਸਕੂਲਾਂ ਵਿੱਚ ਕਰਵਾਏ ਜਾਣ।

Send this to a friend