ਚੰਡੀਗੜ•, 25 ਮਈ (ਬਲਜੀਤ ਸਿੰਘ ਬਰਾੜ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ) ਦੇ ਚੇਅਰਮੈਨ ਦੀ ਨਿਯੁਕਤੀ ਨਿਰਧਾਰਤ ਮਾਪਦੰਡਾਂ ਨਾਲ ਨਾ ਹੋਣ ਕਰਕੇ ਉਨ੍ਹਾਂ ਨੂੰ ਅਸਤੀਫਾ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਹਨ ਜਿਸ ਕਾਰਨ ਦਸਵੀਂ ਜਮਾਤ ਦੇ ਬੋਰਡ ਦਾ ਨਤੀਜਾ ਮਾੜਾ ਆਉਣ ਕਾਰਨ ਸਕੂਲ ਸਿੱਖਿਆ ਪ੍ਰਣਾਲੀ ਦਾ ਕਾਇਆ ਕਲਪ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਕੂਲ ਸਿੱਖਿਆ ਪ੍ਰਣਾਲੀ ਵਿਚ ਸੁਧਾਰ ਲਿਆਉਣ ਲਈ ਸਖ਼ਤ ਕਦਮ ਚੁੱਕੇ ਜਾਣ ਦੇ ਨਿਰਦੇਸ਼ ਦਿੱਤੇ ਹਨ ਜਿਸ ਕਰਕੇ ਆਉਂਦੇ ਦਿਨਾਂ ਦੌਰਾਨ ਸਿੱਖਿਆ ਵਿਭਾਗ ਦੀ ਮੁਕੰਮਲ ਕਾਇਆ ਕਲਪ ਕੀਤੀ ਜਾ ਸਕੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਨੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੂੰ ਪੀ.ਐਸ.ਈ.ਬੀ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਦਾ ਅਸਤੀਫਾ ਮੰਗਣ ਲਈ ਨਿਰਦੇਸ਼ ਜਾਰੀ ਕੀਤੇ ਸਨ। ਪੀ.ਐਸ.ਈ.ਬੀ ਦਾ ਅੰਤ੍ਰਿਮ ਚਾਰਜ ਵਧੀਕ ਮੁੱਖ ਸਕੱਤਰ (ਸਕੂਲ ਸਿੱਖਿਆ) ਨੂੰ ਦੇ ਦਿੱਤਾ ਹੈ ਅਤੇ ਨਵੇਂ ਚੇਅਰਮੈਨ ਦੀ ਅਗਲੇ 30 ਦਿਨਾਂ ਵਿਚ ਤਲਾਸ਼ ਕਰਨ ਲਈ ਇੱਕ ਖੋਜ ਕਮੇਟੀ ਗਠਿਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਕਮੇਟੀ ਦੇ ਚੇਅਰਮੈਨ ਮੁੱਖ ਸਕੱਤਰ ਨੂੰ ਬਣਾਇਆ ਗਿਆ ਹੈ। ਵਧੀਕ ਮੁੱਖ ਸਕੱਤਰ (ਸਕੂਲ) ਅਤੇ ਵੀਸੀ ਪੰਜਾਬ ਯੂਨੀਵਰਸਿਟੀ ਇਸ ਦੇ ਮੈਂਬਰ ਹੋਣਗੇ।