ਮਲੋਟ, 23 ਮਈ (ਜਗਦੀਪ ਧਵਨ)- ਅੱਜ ਦੁਪਹਿਰ ਪੁੱਤਰ ਵੱਲੋਂ ਆਪਣੀ ਮਾਂ ਦਾ ਹਥੌੜਾ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਪੁੱਤਰ ਸੁਖਵੰਤ ਸਿੰਘ ਨੇ ਇੰਦਰਾ ਬਸਤੀ ਵਾਰਡ ਨੰ: 9 ਦੀ ਵਾਸੀ ਆਪਣੀ ਮਾਂ ਰਾਣੀ ਦਾ ਕਤਲ ਕਰ ਦਿੱਤਾ ਅਤੇ ਆਪ ਹੀ ਥਾਣੇ ਵਿਚ ਪੇਸ਼ ਹੋ ਕੇ ਇਸ ਦੀ ਇਤਲਾਹ ਪੁਲੀਸ ਨੂੰ ਦਿੱਤੀ। ਆਪਣੀ ਮਾਂ ਦੇ ਕਾਰਨਾਮਿਆਂ ਕਾਰਨ ਭਰੇ ਪੀਤੇ ਬੈਠੇ ਅਮਰਜੀਤ ਸਿੰਘ ਦਾ ਕਹਿਣਾ ਸੀ ਕਿ ਮੈਨੂੰ ਇਸ ਗੱਲ ਦਾ ਪਛਤਾਵਾ ਨਹੀਂ ਕਿ ਮੈਂ ਆਪਣੀ ਮਾਂ ਦਾ ਕਤਲ ਕੀਤਾ ਹੈ, ਕਿਉਕਿ ਮੇਰੀ ਮਾਂ ਮੇਰੇ ਪਿਓ ਨੂੰ ਛੱਡ ਕੇ ਕਿਸੇ ਗੈਰ ਵਿਅਕਤੀ ਨਾਲ ਸੰਬੰਧ ਕਾਇਮ ਕਰ ਲਏ ਸਨ ਅਤੇ ਉਸ ਨੂੰ ਵਾਰ ਵਾਰ ਸਮਝਾਉਣ ਤੇ ਉਹ ਆਪਣੀਆਂ ਆਦਤਾਂ ਤੋਂ ਬਾਂਜ ਨਹੀਂ ਆਈ, ਇਸ ਦੁੱਖ ਦੇ ਮਾਰੇ ਹੀ ਮੈਂ ਅਤੇ ਮੇਰਾ ਪਿਤਾ ਸ਼ਹਿਰ ਛੱਡ ਕੇ ਪਿੰਡ ਕੰਧਵਾਲਾ ਚੱਲੇ ਗਏ ਸੀ, ਪਰ ਮੇਰੀ ਮਾਂ ਆਪਣੀ ਬੁਰੀ ਸੰਗਤ ਤੋਂ ਨਹੀਂ ਹਟੀ, ਜਿਸ ਕਾਰਨ ਮੈਨੂੰ ਲੋਕਾਂ ਦੇ ਤਾਹਨੇ ਮਿਹਣੇ ਸੁਣਨੇ ਪੈਂਦੇ ਸਨ, ਕਿਉਕਿ ਮੈਂ ਪਿਛਲੇ ਸਮੇਂ ਵਿਚ ਅੰਮ੍ਰਿਤ ਛੱਕ ਕੇ ਗੁਰੂ ਦੇ ਲੜ ਲੱਗ ਗਿਆ ਸੀ ਅਤੇ ਇਹ ਤਾਅਨੇ ਮਿਹਣੇ ਮੇਰੀ ਬਰਦਾਸ਼ਤ ਤੋਂ ਬਾਹਰ ਸਨ। ਅਮਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਤਿੰਨ ਦਿਨ ਪਹਿਲਾਂ ਮਿਥੀ ਸ਼ਾਜ਼ਿਸ ਤਹਿਤ ਆਪਣੀ ਮਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਪ੍ਰੰਤੂ ਕਾਮਯਾਬ ਨਹੀਂ ਹੋ ਸਕਿਆ। ਮੌਕੇ ਤੇ ਪਹੁੰਚੇ ਏ.ਐਸ.ਪੀ. ਦੀਪਕ ਕੁਮਾਰ ਪਾਰਿਕ ਅਤੇ ਥਾਣਾ ਮੁਖੀ ਇੰਸਪੈਕਟਰ ਬੂਟਾ ਸਿੰਘ ਗਿੱਲ, ਏ ਐਸ ਆਈ ਜਗਦੀਸ਼ ਸਿੰਘ ਪੁਲੀਸ ਪਾਰਟੀ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।