ਮਾਨਸਾ, 20 ਮਈ (ਰਮੇਸ਼ ਮਿੱਤਲ)- ਸਥਾਨਕ ਸ਼ਹਿਰ ਦੇ ਸਿਵਲ ਹਸਪਤਾਲ ਰੋਡ ‘ਤੇ ਲੱਗਦੇ ਭਾਰੀ ਜਾਮ ਤੋਂ ਲੋਕ ਕਾਫ਼ੀ ਪ੍ਰੇਸ਼ਾਨੀ ‘ਚ ਹਨ। ਹਾਲਾਂਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਮੰਦਰ ਵਾਲੀ ਗਲੀ ਦੇ ਚੌਂਕ ਤੋਂ ਟ੍ਰੈਫ਼ਿਕ ਨੂੰ ਵਨ–ਵੇ ਕੀਤਾ ਗਿਆ ਹੈ ਪਰ ਉੱਥੇ ਟ੍ਰੈਫ਼ਿਕ ਪੁਲਿਸ ਦਾ ਕੋਈ ਵੀ ਕਰਮਚਾਰੀ ਸਥਾਈ ਤੌਰ ‘ਤੇ ਨਾ ਹੋਣ ਕਾਰਣ ਵਾਹਨ ਚਾਲਕ ਵਨ–ਵੇ ਦੀਆਂ ਧੱਜੀਆਂ ਉਡਾਉਂਦੇ ਹੋਏ ਗ਼ਲਤ ਦਿਸ਼ਾ ਵੱਲ ਵਾਹਨ ਲੈ ਨਿੱਕਲਦੇ ਹਨ, ਜਿਸ ਕਾਰਣ ਉੱਥੇ ਭਾਰੀ ਜਾਮ ਲੱਗ ਜਾਂਦਾ ਹੈ, ਜਿਸ ਕਾਰਣ ਇੱਥੋਂ ਗੁਜ਼ਰਣ ਵਾਲਿਆਂ ਤੋਂ ਇਲਾਵਾ ਇੱਥੋਂ ਦੇ ਦੁਕਾਨਦਾਰਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਰਮੇਸ਼ ਜਿੰਦਲ, ਭੀਮ ਸੈਨ ਅਤੇ ਗੁਰਬਚਨ ਸਿੰਘ ਆਦਿ ਦੁਕਾਨਦਾਰਾਂ ਨੇ ਜ਼ਿਲ੍ਹਾ ਪੁਲਿਸ ਮੁੱਖੀ ਕੋਲੋਂ ਪੁਰਜੋਰ ਮੰਗ ਕੀਤੀ ਹੈ ਕਿ ਉਕਤ ਚੌਂਕ ‘ਚ ਸਥਾਈ ਤੌਰ ‘ਤੇ ਟ੍ਰੈਫ਼ਿਕ ਪੁਲਿਸ ਦੇ ਕਰਮਚਾਰੀ ਤਾਇਨਾਤ ਕੀਤੇ ਜਾਣ, ਤਾਂ ਇਸ ਰੋਡ ‘ਤੇ ਲੱਗਦੇ ਜਾਮ ਤੋਂ ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਮੰਗ ਕੀਤੀ ਕਿ ਵਨ–ਵੇ ਦੀ ਉਲੰਘਣਾ ਕਰਨ ਵਾਲਿਆਂ ਚਲਾਣ ਕੱਟੇ ਜਾਣ, ਬੇਸ਼ੱਕ ਉਹ ਕਿੰਨੀ ਵੀ ਪਹੁੰਚ ਵਾਲਾ ਕਿਉਂ ਨਾ ਹੋਵੇ। ਅਜਿਹਾ ਕਰਨ ਨਾਲ ਹੀ ਵਾਹਨ ਚਾਲਕ ਆਪਣੇ ਸਹੀ ਰਸਤੇ ਦਾ ਇਸਤੇਮਾਲ ਕਰਨ ਲਈ ਮਜ਼ਬੂਰ ਹੋਣਗੇ।