ਚੰਡੀਗੜ, 20 ਮਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਆਪਣੇ ਪਿੰਡ ਲਈ ਪੀਣ ਵਾਲੇ ਪਾਣੀ ਦੀ ਸਪਲਾਈ ਮੁੜ ਚਾਲੂ ਕਰਵਾਉਣ ਵਾਸਤੇ ਮੋਗਾ ਦੇ ਸਰਪੰਚ ਵੱਲੋਂ ਰੋਸ ਵਜੋਂ ਦਾੜੀ ਕੱਟਣ ਦੀ ਮੰਦਭਾਗੀ ਘਟਨਾ ਦੱਸਦੀ ਹੈ ਕਿ ਪੰਜਾਬ ਵਿਚ ਪ੍ਰਸਾਸ਼ਨ ਦਾ ਬੇੜਾ ਗਰਕ ਹੋ ਚੁੱਕਿਆ ਹੈ ਅਤੇ ਨਵੀਂ ਬਣੀ ਕਾਂਗਰਸ ਸਰਕਾਰ ਲੋਕਾਂ ਦੀ ਕੋਈ ਸਾਰ ਨਹੀਂ ਲੈ ਰਹੀ। ਇਸ ਬਾਰੇ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਾਵੇਂ ਕਿ ਉਹ ਨਿੱਜੀ ਤੌਰ ਤੇ ਰੋਸ ਪ੍ਰਦਰਸ਼ਨ ਦੇ ਅਜਿਹੇ ਤਰੀਕੇ ਦੇ ਵਿਰੁੱਧ ਹਨ, ਪਰ ਉਹ ਮੋਗਾ ਵਿਚ ਪੈਂਦੇ ਬਹੋਨਾ ਪਿੰਡ ਦੇ ਸਰਪੰਚ ਹਰਭਜਨ ਸਿੰਘ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਉਹਨਾਂ ਕਿਹਾ ਕਿ ਸਰਪੰਚ ਨੇ ਡਿਪਟੀ ਕਮਿਸ਼ਨਰ ਵੱਲੋਂ ਦਿੱਤੇ ਭਰੋਸੇ ਦੀ ਮਿਆਦ ਲੰਘਣ ਮਗਰੋਂ ਇਹ ਅਖੀਰੀ ਕਦਮ ਚੁੱਕਿਆ। ਡਿਪਟੀ ਕਮਿਸ਼ਨਰ ਨੇ ਸਰਪੰਚ ਨੂੰ ਵੀਰਵਾਰ ਸ਼ਾਮ ਤਕ ਉਸ ਦੇ ਪਿੰਡ ਪਾਣੀ ਦੀ ਸਪਲਾਈ ਚਾਲੂ ਹੋਣ ਦਾ ਭਰੋਸਾ ਦਿੱਤਾ ਸੀ।ਪਰ ਉਹ ਅਧਿਕਾਰੀ ਆਪਣਾ ਵਾਅਦਾ ਪੂਰਾ ਨਾ ਕਰ ਸਕਿਆ ਅਤੇ ਇੱਥੋਂ ਤਕ ਕਿ ਜਦੋਂ ਸ਼ੁੱਕਰਵਾਰ ਨੂੰ ਸਰਪੰਚ ਨੇ ਉਸ ਨੂੰ ਫੋਨ ਕੀਤਾ ਤਾਂ ਉਹ ਸਰਪੰਚ ਨੂੰ ਮਿਲਣ ਤੋਂ ਵੀ ਟਾਲਾ ਵੱਟ ਗਿਆ।ਸਰਦਾਰ ਬਾਦਲ ਨੇ ਕਿਹਾ ਕਿ ਇਹ ਸਭ ਪੰਜਾਬੀਆਂ ਨਾਲ ਵਾਅਦੇ ਕਰਕੇ ਮੁੱਕਰਣ ਦਾ ਨਤੀਜਾ ਹੈ। ਕਿਸਾਨ ਪੂਰੀ ਤਰ•ਾਂ ਨਿਰਾਸ਼ ਹੋ ਚੁੱਕੇ ਹਨ। ਸਰਕਾਰ ਦੁਆਰਾ ਉਹਨਾਂ ਦੇ ਕਰਜ਼ੇ ਮੁਆਫ ਨਾ ਕੀਤੇ ਜਾਣ ਕਰਕੇ 51 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਕਾਂਗਰਸ ਨੇ ‘ਕਰਜ਼ਾ ਕੁਰਕੀ ਖਤਮ,ਫਸਲ ਦੀ ਪੂਰੀ ਰਕਮ‘ਦਾ ਨਾਅਰਾ ਲਗਾ ਕੇ ਲੋਕਾਂ ਨੂੰ ਮੂਰਖ ਬਣਾਇਆ ਹੈ, ਜਦਕਿ ਅਸਲੀਅਤ ਵਿਚ ਇਸ ਤੋਂ ਬਿਲਕੁੱਲ ਉਲਟ ਵਾਪਰ ਰਿਹਾ ਹੈ।