ਮਿਲਾਵਟਖੋਰਾਂ ਖਿਲਾਫ ਹੋਵੇਗੀ ਸਖਤੀ : ਬ੍ਰਹਮ ਮਹਿੰਦਰਾ

image ਚੰਡੀਗੜ੍ਹ, 19 ਮਈ (ਪੰਜਾਬ ਟਾਇਮਜ਼ ਬਿਊਰੋ)- ਸਿਹਤ ਵਿਭਾਗ ਨੇ ਪੰਜਾਬ ਵਿਚ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਆਫ ਇੰਡੀਆ (ਐਫ. ਐਸ.ਐਸ.ਏ.ਆਈ.) ਦੀ ਉਲੰਘਣਾ ਕਰਨ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਕਾਰਵਾਈ ਸਿਰਫ ਛੋਟੇ ਵਪਾਰੀਆਂ ਤੱਕ ਹੀ ਸੀਮਿਤ ਨਹੀਂ ਰਹੇਗੀ ਸਗੋਂ ਮਿਲਾਵਟਖੋਰੀ ਕਰਨ ਵਾਲੇ ਵੱਡੇ ਬਰੈਂਡਾਂ ਨੂੰ ਵੀ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਇਹ ਨਿਰਦੇਸ਼ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਰਾਜ ਦੇ ਸਮੂਹ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਅਧਿਕਾਰੀਆਂ ਨੂੰ ਇਥੇ ਆਯਜਿਤ ਇਕ ਰਾਜ-ਪੱਧਰੀ ਮੀਟਿੰਗ ਦੌਰਾਨ ਦਿੱਤੇ। ਇਸ ਉੱਚ ਪੱਧਰੀ ਮੀਟਿੰਗ ਦੌਰਾਨ ਸਿਹਤ ਮੰਤਰੀ ਨੇ ਮੌਜੂਦ ਸਮੂਹ ਡੈਜ਼ੀਗਨੇਟਿਡ ਅਫ਼ਸਰਾਂ, ਜਿਲ੍ਹਾ ਸਿਹਤ ਅਫਸਰਾਂ, ਫੂਡ ਸੇਫਟੀ ਅਫ਼ਸਰਾਂ, ਸਹਾਇਕ ਕਮਿਸ਼ਨਰ ਫੂਡ ਅਫ਼ਸਰਾਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਲੋਕਾਂ ਨੂੰ ਚੰਗਾ ਖਾਣਾ-ਪੀਣਾ ਅਤੇ ਭੋਜਨ ਪਦਾਰਥ ਉਪਲਬੱਧ ਕਰਵਾਉਣਾ ਸਿਹਤ ਵਿਭਾਗ ਦੀ ਮੁੱਖ ਜ਼ਿੰਮੇਵਾਰੀ ਹੈ ਅਤੇ ਜਿਸ ਲਈ ਫੂਡ ਸੇਫਟੀ ਐਕਟ ਨੂੰ ਕੇਵਲ ਦਫਤਰੀ ਕਾਰਵਾਈ ਤੱਕ ਸੀਮਿਤ ਨਾ ਰੱਖਿਆ ਜਾਵੇ ਇਸ ਲਈ  ਵਿਭਾਗੀ ਕਾਰਗੁਜ਼ਾਰੀ ਵਿਚ ਅਣਗਿਹਲੀ ਕਰਨ ਵਾਲੇ ਅਫਸਰਾਂ ਵਿਰੁੱਧ ਜ਼ੀਰੋ ਟਾਲਰੇਂਸ ਹੋਵੇਗੀ। ਉਨ੍ਹਾਂ ਕਿਹਾ ਕਿ ਜਿਥੇ ਵੀ ਮਿਲਾਵਟਖੋਰੀ ਆਦਿ ਦੀ ਸ਼ਿਕਾਇਤ ਮਿਲਣ ਉਪਰੰਤ ਸ਼ਿਕਾਇਤ ਦੀ ਗੰਭੀਰਤਾ ਨਾਲ ਜਾਂਚ ਕਰਕੇ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਸਰਕਾਰ ਵਿਚ ਲੋਕਾਂ ਦਾ ਆਪਸੀ ਵਿਸ਼ਵਾਸ ਵੱਧ ਸਕੇ। ਇਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਸ਼੍ਰੀਮਤੀ ਅੰਜਲੀ ਭਾਵਰਾ ਨੇ ਨਿਰਦੇਸ਼ ਦਿੱਤੇ ਕਿ ਮੋਬਾਈਲ ਟੈਸਟ ਲੈਬ ਦੀ ਸਟੇਟਸ ਰਿਪੋਰਟ ਤਿੰਨ ਦਿਨ ਵਿੱਚ ਸਟੇਟ ਹੈਡਕੁਆਟਰ ਤੇ ਸਟੇਟ ਨੋਡਲ ਅਫ਼ਸਰ ਡਾ. ਅੰਮ੍ਰਿਤਪਾਲ ਵੜਿੰਗ ਨੂੰ ਭੇਜਣੀ ਯਕੀਨੀ ਬਣਾਈ ਜਾਵੇ।ਉਨ੍ਹਾਂ ਕਿਹਾ ਕਿ ਖਾਣ-ਪੀਣ ਦੇ ਸਮਾਨ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਦੀ ਆਨਲਾਈਨ ਰਜਿਸਟਰੇਸ਼ਨ ਅਤੇ ਲਾਈਸੰਸ ਅਪਲਾਈ ਕਰਨ ਦੀ ਪ੍ਰਕ੍ਰਿਆ ਨੂੰ ਆਸਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਜ਼ਿਲ੍ਹਿਆਂ ਵਿੱਚ ਲੰਬਿਤ ਸ਼ਿਕਾਇਤਾਂ ਦਾ ਨਿਪਟਾਰਾ ਕਰਕੇ ਇੱਕ ਹਫ਼ਤੇ ਵਿੱਚ ਸਟੇਟ ਹੈਡਕੁਆਟਰ ਨੂੰ ਰਿਪੋਰਟ ਭੇਜੀ ਜਾਵੇ।

Send this to a friend