Skip to content
Independent perspectives. Global stories.
BREAKING

ਸ਼੍ਰੋਮਣੀ ਕਮੇਟੀ ਭਾਰਤ ਦੇ ਆਜ਼ਾਦੀ ਸੰਗਰਾਮ ’ਚ ਸਿੱਖਾਂ ਦੇ ਯੋਗਦਾਨ ਨੂੰ ਮੁੜ ਉਭਾਰਨ ਲਈ ਦ੍ਰਿੜ੍ਹ ਸੰਕਲਪ : ਪ੍ਰੋ. ਕਿਰਪਾਲ ਸਿੰਘ ਬਡੂੰਗਰ

Share this story

ਅੰਡੇਮਾਨ ਨਿਕੋਬਾਰ ਵਿਖੇ ਭੇਜੇ ਗਏ ਵਫਦ ਨੇ ਪ੍ਰਧਾਨ ਸਾਹਿਬ ਨੂੰ ਸੌਂਪੀ ਆਪਣੀ ਰਿਪੋਰਟ
image ਅੰਮ੍ਰਿਤਸਰ, 18 ਮਈ- ਸਿੱਖ ਯੋਧਿਆਂ ਵੱਲੋਂ ਅਨੇਕਾਂ ਤਸੀਹੇ ਝੱਲ ਕੇ ਅਤੇ ਸ਼ਹਾਦਤਾਂ ਦੇ ਕੇ ਸਿਰਜਿਆ ਇਤਿਹਾਸ ਸਾਡਾ ਸਰਮਾਇਆ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੇ ਭਾਰਤ ਦੀ ਆਜ਼ਾਦੀ ਵਿਚ ਪਾਏ ਯੋਗਦਾਨ ਨੂੰ ਮੁੜ ਉਭਾਰਨ ਲਈ ਦ੍ਰਿੜ੍ਹ ਸੰਕਲਪ ਹੈ। ਇਹ ਸ਼ਬਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਅੰਡੇਮਾਨ ਨਿਕੋਬਾਰ ਦੀ ਸੈਲੂਲਰ ਜੇਲ੍ਹ ਵਿਖੇ ਭੇਜੇ ਵਫਦ ਵੱਲੋਂ ਰਿਪੋਰਟ ਮਿਲਣ ਉਪਰੰਤ ਪ੍ਰੈਸ ਬਿਆਨ ਰਾਹੀਂ ਕਹੇ। ਪ੍ਰੋ: ਬਡੂੰਗਰ ਵੱਲੋਂ ਅੰਡੇਮਾਨ ਨਿਕੋਬਾਰ ਦੀ ਸੈਲੂਲਰ ਜੇਲ੍ਹ ਦੇ ਮਿਊਜ਼ੀਅਮ ਵਿਚ ਦ੍ਰਿਸ਼ਟਮਾਨ ਕੀਤੇ ਇਤਿਹਾਸ ਵਿਚੋਂ ਪੰਜਾਬੀਆਂ ਤੇ ਖਾਸਕਰ ਸਿੱਖਾਂ ਦੇ ਯੋਗਦਾਨ ਨੂੰ ਘੱਟ ਕਰਕੇ ਦਿਖਾਉਣ ਦੇ ਮਾਮਲੇ ਸਬੰਧੀ ਭਾਈ ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿਚ ਇੱਕ ਵਫਦ ਉਥੇ ਭੇਜਿਆ ਗਿਆ ਸੀ, ਜਿਸ ਨੇ ਆਪਣੀ ਮੁਕੰਮਲ ਰਿਪੋਰਟ ਉਨ੍ਹਾਂ ਨੂੰ ਸੌਂਪ ਦਿੱਤੀ ਹੈ। ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਪ੍ਰਾਪਤ ਰਿਪੋਰਟ ਸਬੰਧੀ ਆਖਿਆ ਕਿ ਬੇਸ਼ੱਕ ਸ਼੍ਰੋਮਣੀ ਕਮੇਟੀ ਦੇ ਵਫਦ ਨੂੰ ਅੰਡੇਮਾਨ ਨਿਕੋਬਾਰ ਦੇ ਗਵਰਨਰ ਜਨਰਲ ਡਾ. ਜਗਦੀਸ਼ ਮੁਖੀ ਨੇ ਮਾਮਲੇ ਦੇ ਹੱਲ ਸਬੰਧੀ ਭਰੋਸਾ ਦਿੱਤਾ ਹੈ ਅਤੇ ਸਥਾਨਕ ਤਿੰਨ ਸੜਕਾਂ ਦੇ ਨਾਂਅ ਵੀ ਸਿੱਖਾਂ/ਪੰਜਾਬੀਆਂ ਦੇ ਨਾਂਅ ’ਤੇ ਰੱਖਣ ਦੀ ਗੱਲ ਕਹੀ ਪਰ ਫਿਰ ਵੀ ਰਿਪੋਰਟ ਨੂੰ ਘੋਖਣ ਉਪਰੰਤ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਪੰਜਾਬੀ ਯੂਨੀਵਰਸਿਟੀ ਦੇ ਡਾ. ਪਰਮਵੀਰ ਸਿੰਘ, ਐਡੀ: ਸਕੱਤਰ ਸ. ਹਰਭਜਨ ਸਿੰਘ ਮਨਾਵਾਂ ਤੇ ਡਾ. ਪਰਮਜੀਤ ਸਿੰਘ ਸਰੋਆ, ਮੀਤ ਸਕੱਤਰ ਸਿੱਖਿਆ ਸ. ਸਿਮਰਜੀਤ ਸਿੰਘ, ਡਾਇਰੈਕਟਰ ਸਿੱਖਿਆ ਡਾ. ਧਰਮਿੰਦਰ ਸਿੰਘ ਉਭਾ, ਤੇ ਡਾ. ਗੁਰਬੀਰ ਸਿੰਘ ਹਾਜ਼ਰ ਸਨ।

WRITTEN BY