Skip to content
Independent perspectives. Global stories.
BREAKING

ਸੂਬੇ ਦੀਆਂ ਸਾਰੀਆਂ ਨਗਰ ਕੌਂਸਲਾਂ ਦਾ ਹੋਵੇਗਾ ਆਡਿਟ : ਨਵਜੋਤ ਸਿੱਧੂ

Share this story

image ਬਟਾਲਾ, 15 ਮਈ (ਅਰਵਿੰਦਰ ਸਿੰਘ ਮਠਾਰੂ, ਰਛਪਾਲ ਸਿੰਘ, ਲੁਖਬੀਰ ਸਿੰਘ)-  ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਸਾਰੀਆਂ ਨਗਰ ਕੌਂਸਲਾਂ ਦਾ ਆਡਿਟ ਕਰਵਾਇਆ ਜਾਵੇਗਾ ਤਾਂ ਜੋ ਪਿਛਲੇ 10 ਸਾਲਾਂ ’ਚ ਹੋਈਆਂ ਬੇਨਿਯਮੀਆਂ ਨੂੰ ਉਜਾਗਰ ਕੀਤਾ ਜਾ ਸਕੇ। ਅੱਜ ਬਟਾਲਾ ਵਿਖੇ ਸਾਬਕਾ ਮੰਤਰੀ ਸ੍ਰੀ ਅਸ਼ਵਨੀ ਸੇਖੜੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਬਨਿਟ ਮੰਤਰੀ ਸ. ਸਿੱਧੂ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ 10 ਸਾਲ ਸੂਬੇ ’ਚ ਵੱਡੀਆਂ ਬੇਨਿਯਮੀਆਂ ਕੀਤੀਆਂ ਹਨ ਅਤੇ ਕੈਪਟਨ ਸਰਕਾਰ ਉਸਦਾ ਸੱਚ ਲੋਕਾਂ ਸਾਹਮਣੇ ਲੈ ਕੇ ਆਵੇਗੀ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਇੱਕ ਪਰਿਵਾਰ ਦੀ ਸਰਕਾਰ ਸੀ ਅਤੇ ਇਸ ਸਰਕਾਰ ਨੇ ਲੋਕਾਂ ਦੀ ਭਲਾਈ ਦੀ ਬਜਾਏ ਸਿਰਫ ਇੱਕ ਬਾਦਲ ਪਰਿਵਾਰ ਲਈ ਕੰਮ ਕੀਤਾ ਸੀ ਅਤੇ ਇਹੀ ਕਾਰਨ ਹੈ ਕਿ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਨੂੰ ਬੁਰੀ ਤਰਾਂ ਨਕਾਰ ਦਿੱਤਾ ਹੈ। ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਬਾਦਲ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ 1400 ਕਰੋੜ ਰੁਪਏ ਜੋ ਸੈਰ ਸਪਾਟਾ ਵਿਭਾਗ ਨੂੰ ਭੇਜੇ ਸਨ ਉਹ ਵੀ ਪਤਾ ਨਹੀਂ ਕਿਥੇ ਖੁਰਦ ਬੁਰਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕੇਂਦਰ ਦੇ ਆਏ 400 ਕਰੋੜ ਰੁਪਏ ਦੀ ਕਿਸਤ ਦਾ ਵੀ ਬਾਦਲ ਸਰਕਾਰ ਕੋਲ ਕੋਈ ਹਿਸਾਬ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ‘ਚ ਜੋ ਵੀ ਅਜਿਹੇ ਕੰਮ ਹੋਏ ਹਨ ਕੈਪਟਨ ਸਰਕਾਰ ਉਨ੍ਹਾਂ ਨੂੰ ਉਜ਼ਾਗਰ ਕਰਨ ‘ਤੇ ਲੱਗੀ ਹੋਈ ਹੈ। ਸ. ਸਿੱਧੂ ਨੇ ਕਿਹਾ ਕਿ ਲੋਕ ਪੰਜਾਬ ਸਰਕਾਰ ਦਾ ਸਾਥ ਦੇਣ ਅਤੇ ਉਹ ਲੋਕਾਂ ਨੂੰ ਯਕੀਨ ਦਿਵਾਉਂਦੇ ਹਨ ਕਿ ਕਾਂਗਰਸ ਪਾਰਟੀ ਨੇ ਜੋ ਵੀ ਵਾਅਦੇ ਲੋਕਾਂ ਨਾਲ ਕੀਤੇ ਹਨ ਉਨ੍ਹਾਂ ਨੂੰ ਪੂਰਿਆਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ‘ਚ ਪੂਰੀ ਪਾਰਦਰਸ਼ਤਾ ਲਿਆਂਦੀ ਜਾ ਰਹੀ ਹੈ ਅਤੇ ਇੰਸਪੈਕਟਰੀ ਰਾਜ ਰਾਹੀਂ ਹੁਮਦਿ ਲੁੱਟ ਖਸੁੱਟ ਨੂੰ ਖਤਮ ਕੀਤਾ ਜਾਵੇਗਾ।
ਬਟਾਲਾ ਸ਼ਹਿਰ ਦੀ ਗੱਲ ਕਰਦਿਆਂ ਕੈਬਨਿਟ ਮੰਤਰੀ ਸ. ਸਿੱਧੂ ਨੇ ਕਿਹਾ ਕਿ ਬਟਾਲਾ ਪੰਜਾਬ ਦਾ ਇੱਕ ਮਹੱਤਵਪੂਰਨ ਸ਼ਹਿਰ ਹੈ ਅਤੇ ਸਰਕਾਰ ਵੱਲੋਂ ਬਟਾਲਾ ਦੇ ਵਿਕਾਸ ਦਾ ਹਰ ਕੰਮ ਤਰਜੀਹੀ ਅਧਾਰ ‘ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀ ਨੀਅਤ ਤੇ ਨੀਤੀ ਦੋਵੇਂ ਠੀਕ ਹਨ ਅਤੇ ਸੱਚੇ ਮਨ ਨਾਲ ਸੂਬੇ ਨੂੰ ਖੁਸ਼ਹਾਲ ਬਣਾਉਣ ‘ਚ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਸਾਬਕਾ ਮੰਤਰੀ ਸ੍ਰੀ ਅਸ਼ਵਨੀ ਸੇਖੜੀ ਨੇ ਸ. ਸਿੱਧੂ ਦਾ ਬਟਾਲਾ ਸ਼ਹਿਰ ਦੀਆਂ ਮੰਗਾਂ ਮਨਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਲੋਕਾਂ ਨੂੰ ਖੁਸ਼ਹਾਲ ਬਣਾਉਣਾ ਹੀ ਇਸ ਸਰਕਾਰ ਦਾ ਮੁੱਖ ਉਦੇਸ਼ ਹੈ। ਇਸ ਮੌਕੇ ਸ੍ਰੀ ਅਭਿਨਵ ਸੇਖੜੀ, ਹਰਿੰਦਰ ਸਿੰਘ ਕਲਸੀ, ਸੁਨੀਲ ਸਰੀਨ, ਅਜੇ ਮਹਾਜਨ, ਰਿੰਕੂ ਬਾਜਵਾ, ਬਿਕਰਮਜੀਤ ਸਿੰਘ ਜੱਗਾ, ਸਾਹਿਲ ਸ਼ਰਮਾਂ, ਸਰੀਨ, ਬੰਟੀ ਟਰੈਂਡ ਵਾਲਾ, ਜਸਵੰਤ ਸਿੰਘ, ਨਰਿੰਦਰ ਸਿੰਘ ਸੇਖੜੀ, ਸੰਜੀਵ ਸ਼ਰਮਾਂ, ਨਰਪਿੰਦਰ ਸਿੰਘ ਰਿੰਕੂ ਬਾਜਵਾ, ਮਨਜੀਤ ਸਿੰਘ, ਸਵਰਨ ਮੁੱਢ, ਸਵਿੰਦਰ ਸਿੰਘ ਭਾਗੋਵਾਲੀਆ ਵੀ ਹਾਜ਼ਰ ਸਨ।

WRITTEN BY