Skip to content
Independent perspectives. Global stories.
BREAKING

ਬੀ ਸੀ ਕਨੇਡਾ ਅਸੈਂਬਲੀ ਚੋਣਾਂ ’ਚ ਅੱਧੇ ਦਰਜ਼ਨ ਤੋਂ ਵੱਧ ਪੰਜਾਬੀ ਜਿੱਤੇ

Share this story

ਲਿਬਰਲ ਪਾਰਟੀ ਨੇ ਜਿੱਤੀਆਂ ਸਭ ਤੋਂ ਵੱਧ ਸੀਟਾਂ, ਐਨਡੀਪੀ ਦੂਜੇ ਨੰਬਰ ‘ਤੇ
image ਸਰੀ, 10 ਮਈ- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਸੂਬੇ ‘ਚ ਹੋਈਆਂ ਵੋਟਾਂ ਦੇ ਮੱਦੇਨਜ਼ਰ ਪਹਿਲੇ ਗੇੜ ਦੇ ਨਤੀਜਿਆਂ ‘ਚ ਅੱਧੇ ਦਰਜਨ ਤੋਂ ਵਧ ਪੰਜਾਬੀਆਂ ਨੇ ਜਿੱਤ ਹਾਸਲ ਕੀਤੀ ਹੈ।ਹਾਲਾਂਕਿ ਅੰਤਿਮ ਨਤੀਜੇ 22 ਮਈ ਨੂੰ ਸਾਹਮਣੇ ਆਉਣਗੇ। ਬਰਨਾਬੇ-ਐਡਮੰਡਜ਼ ਹਲਕੇ ਤੋਂ ਐੱਨ. ਡੀ. ਪੀ. ਉਮੀਦਵਾਰ ਰਾਜ ਚੌਹਾਨ ਨੇ ਜਿੱਤ ਪ੍ਰਾਪਤ ਕੀਤੀ ਹੈ। ਚੌਹਾਨ ਨੇ 9,613 ਵੋਟਾਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਨੇ ਲਿਬਰਲ ਪਾਰਟੀ ਦੇ ਉਮੀਦਵਾਰ ਗੈਰੀਸਨ ਡਿਊਕ ਨੂੰ ਕਰਾਰੀ ਹਾਰ ਦਿੱਤੀ ਹੈ। ਗੈਰੀਸਨ ਨੇ 5,852 ਵੋਟਾਂ ਪ੍ਰਾਪਤ ਕੀਤੀਆਂ।ਡੈਲਟਾ ਨਾਰਥ ਤੋਂ ਐੱਨ. ਡੀ. ਪੀ ਦੇ ਉਮੀਦਵਾਰ ਰਵੀ ਕਾਹਲੋਂ ਨੇ 10,658 ਵੋਟਾਂ ਪ੍ਰਾਪਤ ਕੀਤੀਆਂ ਅਤੇ ਉਨ੍ਹਾਂ ਨੇ ਲਿਬਰਲ ਪਾਰਟੀ ਦੇ ਉਮੀਦਵਾਰ ਸਕੋਟ ਹੈਮਿਲਟਨ ਨੂੰ ਹਰਾਇਆ, ਜਿਨ੍ਹਾਂ ਨੇ 8,817 ਵੋਟਾਂ ਪ੍ਰਾਪਤ ਕੀਤੀਆਂ।
ਐੱਨ. ਡੀ. ਪੀ. ਦੇ ਉਮੀਦਵਾਰ ਜਗਰੂਪ ਬਰਾੜ ਨੇ 9,181 ਵੋਟਾਂ ਪ੍ਰਾਪਤ ਕੀਤੀਆਂ ਹਨ ਅਤੇ ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਪੀਟਰ ਫੈਸਬੈਂਡਰ ਨੂੰ ਹਰਾਇਆ ਜੋ ਲਿਬਰਲ ਵੱਲੋਂ ਖੜੇ ਸਨ।
ਰਚਨਾ ਸਿੰਘ ਸਰੀ ਗਰੀਨ ਟਿੰਬਰਸ ਤੋਂ ਸਭ ਨੂੰ ਜਬਰਦਸਤ ਵੋਟਾਂ ਤੋਂ ਹਰਾਇਆ ਹੈ। ਉਸ ਨੇ 6,827 ਵੋਟਾਂ ਪ੍ਰਾਪਤ ਕਰਕੇ ਐੱਨ.ਡੀ.ਪੀ ਦੀ ਝੋਲੀ ਪਾਈਆਂ ਹਨ।
ਸਰੀ-ਨਿਊਟਨ ਤੋਂ ਐੱਨ.ਡੀ.ਪੀ ਦੇ ਉਮੀਦਵਾਰ ਹੈਰੀ ਬੈਂਸ ਨੇ ਆਪਣੇ ਵਿਰੋਧੀ ਦੋ ਪੰਜਾਬੀ ਉਮੀਦਵਾਰਾਂ ਨੂੰ ਹਰਾਇਆ ਹੈ। ਉਨ੍ਹਾਂ ਨੇ ਆਜ਼ਾਦ ਉਮੀਦਵਾਰ ਬਲਪ੍ਰੀਤ ਸਿੰਘ ਬਲ ਅਤੇ ਲਿਬਰਲ ਪਾਰਟੀ ਦੇ ਗੁਰਮਿੰਦਰ ਸਿੰਘ ਪਰਿਹਾਰ ਨੂੰ ਹਰਾਇਆ। ਹੈਰੀ ਬੈਂਸ ਨੇ ਕੁੱਲ 8,823 ਵੋਟਾਂ ਪ੍ਰਾਪਤ ਕੀਤੀਆਂ। ਜਦੋਂ ਕਿ ਗੁਰਮਿੰਦਰ ਸਿੰਘ ਪਰਿਹਾਰ ਨੂੰ 4603 ਵੋਟਾਂ ਅਤੇ ਬਲਪ੍ਰੀਤ ਬਲ ਨੂੰ ਸਿਰਫ 881 ਵੋਟਾਂ ਹੀ ਮਿਲੀਆਂ।ਮੀਡੀਆ ਦਾ ਚਿਹਰਾ ਰਹੇ ਜੈੱਸ ਜੌਹਲ ਨੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਵੋਟਾਂ ‘ਚ ਜਬਰਦਸਤ ਜਿੱਤ ਪ੍ਰਾਪਤ ਕੀਤੀ ਹੈ। ਰਿਚਮੰਡ-ਕਿਊਨਸਬਰਗ ਹਲਕੇ ‘ਚ ਜੈੱਸ ਲਿਬਰਲ ਪਾਰਟੀ ਵੱਲੋਂ ਚੋਣ ਲੜ ਰਹੇ ਸਨ ਅਤੇ ਉਨ੍ਹਾਂ ਦੀ ਵਿਰੋਧੀ ਪਾਰਟੀ ਐੱਨ.ਡੀ.ਪੀ. ‘ਚ ਪੰਜਾਬੀ ਉਮੀਦਵਾਰ ਅਮਨ ਸਿੰਘ ਖੜੇ ਸਨ। ਦੋਵੇਂ ਪੰਜਾਬੀਆਂ ਦੀ ਆਪਸ ‘ਚ ਸਖਤ ਟੱਕਰ ਦੇਖਣ ਨੂੰ ਮਿਲੀ ਪਰ ਅਖੀਰ ‘ਚ ਜੈੱਸ ਦੇ ਸਿਰ ‘ਤੇ ਜਿੱਤ ਦਾ ਸਿਹਰਾ ਸਜਿਆ। ਜੈੱਸ ਨੇ 7,525 ਅਤੇ ਅਮਨ ਸਿੰਘ ਨੇ 7,262 ਵੋਟਾਂ ਜਿੱਤੀਆਂ ਹਨ। ਜ਼ਿਕਰਯੋਗ ਹੈ ਕਿ ਜੈੱਸ ਅਵਾਰਡ ਜੇਤੂ ਪੱਤਰਕਾਰ ਰਹੇ ਹਨ।ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਪਈਆਂ ਵੋਟਾਂ ਦੇ ਮਿਲੇ ਰੁਝਾਨਾਂ ਵਿਚ ਲਿਬਰਲ ਪਾਰਟੀ ਸਭ ਤੋਂ ਅੱਗੇ ਜਦ ਕਿ ਦੂਜੇ ਨੰਬਰ ‘ਤੇ ਐਨਡੀਪੀ ਪਾਰਟੀ ਤੇ ਤੀਜੇ ਨੰਬਰ ‘ਤੇ ਗਰੀਨ ਪਾਰਟੀ ਰਹੀ। ਕਿਸੇ ਵੀ ਪਾਰਟੀ ਨੂੰ ਜਿੱਤਣ ਲਈ ਕੁੱਲ 87 ਸੀਟਾਂ ਵਿਚੋਂ 44 ਸੀਟਾਂ ਜਿੱਤਣੀਆਂ ਜ਼ਰੂਰੀ ਹਨ। ਇਨ੍ਹਾਂ ਚੋਣਾਂ ਵਿਚ 21 ਪੰਜਾਬੀ ਉਮੀਦਵਾਰ ਵੀ ਮੈਦਾਨ ਵਿਚ ਹਨ। ਮਿਲੇ ਰੁਝਾਨਾਂ ਵਿਚ ਲਿਬਰਲ 43, ਐਨਡੀਪੀ 41 ਤੇ ਗਰੀਨ ਪਾਰਟੀ 3 ਸੀਟਾਂ ਜਿੱਤੀਆਂ। ਇਸ ਤਰ੍ਹਾਂ ਬਹੁਮਤ ਤਾਂ ਕਿਸੇ ਵੀ ਪਾਰਟੀ ਨੂੰ ਨਹੀਂ ਮਿਲਿਆ। ਹੁਣ ਦੇਖਣਾ ਹੈ ਕਿ ਗਰੀਨ ਪਾਰਟੀ ਕਿਸ ਪਾਰਟੀ ਨੂੰ ਸਮਰਥਨ ਦਿੰਦੀ ਹੈ।

WRITTEN BY