ਹੰਢਿਆਇਆ, 6 ਮਈ (ਗੁਰਮੀਤ ਸਿੰਘ ਬਰਨਾਲਾ)- ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਦੀ ਮਾੜੀ ਹਾਲਤ ਕਾਰਨ ਅਨੇਕਾਂ ਹਾਦਸੇ ਹੋ ਚੁੱਕੇ ਹਨ ਅਤੇ ਕਈ ਮਾਸੂਮ ਬੱਚੇ ਇਨ੍ਹਾਂ ਹਾਦਸਿਆਂ ਦੌਰਾਨ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ, ਪ੍ਰੰਤੂ ਇਸ ਮਾਮਲੇ ਨੂੰ ਲੈ ਕੇ ਸਰਕਾਰ ਦੇ ਕੰਨਾਂ ਵਿੱਚ ਜੂੰ ਨਹੀਂ ਸਰਕੀ। ਕਿਉਂਕਿ ਅੱਜ ਵੀ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੀਆਂ ਕਈ ਖਟਾਰਾ ਬੱਸਾਂ ਬੱਚਿਆਂ ਨੂੰ ਲਿਆਉਣ ਅਤੇ ਘਰ ਛੱਡਣ ਲਈ ਲੱਗੀਆਂ ਦਿਖਾਈ ਦਿੰਦੀਆਂ ਹਨ। ਇਹ ਬੱਸਾਂ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਹਦਾਇਤਾਂ ਦਾ ਕੋਈ ਪਾਲਣ ਨਹੀਂ ਕਰਦੀਆਂ। ਇਸੇ ਤਰ੍ਹਾਂ ਹੀ ਜ਼ਿਲ੍ਹਾ ਬਰਨਾਲਾ ਅੰਦਰ ਪਿੰਡ ਕਾਲੇਕੇ ਵਿਖੇ ਸਥਿਤ ਆਦਰਸ਼ ਸਕੂਲ ਦੀਆਂ ਇੱਕਾ ਦੁੱਕਾ ਬੱਸਾਂ ਨੂੰ ਛੱਡਕੇ ਬਾਕੀ ਸਾਰੀਆਂ ਬੱਸਾਂ ਦੀ ਹਾਲਤ ਐਨੀ ਖ਼ਸਤਾ ਹੋ ਚੁੱਕੀ ਹੈ, ਕਿ ਮੀਂਹ ਪੈਣ ’ਤੇ ਬੱਸਾਂ ਦੀ ਛੱਤ ਚੋਣ ਲੱਗ ਜਾਂਦੀ ਹੈ। ਕਈ ਬੱਸਾਂ ਵਿੱਚ ਬੱਚਿਆਂ ਨੂੰ ਉਤਾਰਨ ਅਤੇ ਚੜ੍ਹਾਉਣ ਲਈ ਕੋਈ ਕੰਡਕਟਰ ਵੀ ਨਹੀਂ ਰੱਖਿਆ ਹੋਇਆ। ਬੱਸਾਂ ਵਿੱਚ ਅੱਗ ਬੁਝਾਉਣ ਵਾਲੇ ਯੰਤਰ ਅਤੇ ਸੀ.ਸੀ.ਟੀ.ਵੀ ਕੈਮਰਿਆਂ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਬੱਸਾਂ ਦੀ ਹਾਲਤ ਐਨੀ ਕੁ ਮਾੜੀ ਹੋ ਚੁੱਕੀ ਹੈ ਕਿ ਕਿਸੇ ਵੀ ਸਮੇਂ ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਪਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਪ੍ਰਸ਼ਾਸਨ ਵੀ ਕਿਸੇ ਵੱਡੇ ਹਾਦਸੇ ਦੀ ਉਡੀਕ ’ਚ ਹੈ। ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਕੂਲ ਦੀਆਂ ਸਾਰੀਆਂ ਬੱਸਾਂ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ, ਪ੍ਰੰਤੂ ਇਸ ਸਕੂਲ ਦੀਆਂ ਬੱਸਾਂ ਰੰਗ ਬਰੰਗੀਆਂ ਹਨ ਅਤੇ ਕਈ ਪੀਲੀਆਂ ਬੱਸਾਂ ਦਾ ਰੰਗ ਉੱਤਰ ਜਾਣ ਕਾਰਨ ਉਹ ਚਿੱਟੀਆਂ ਹੋਈਆ ਪਈਆਂ ਹਨ। ਅਜਿਹਾ ਕਰਕੇ ਸ਼ਰੇਆਮ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਹਰ ਵੇਲੇ ਬੱਸਾਂ ਦੀ ਹਾਲਤ ਮਾੜੀ ਹੋਣ ਕਾਰਨ ਡਰ ਸਤਾਉਂਦਾ ਰਹਿੰਦਾ ਹੈ ਕਿ ਕਿਤੇ ਕੋਈ ਹਾਦਸਾ ਨਾ ਵਾਪਰ ਜਾਵੇ।
ਆਦਰਸ਼ ਸਕੂਲ ਕਾਲੇਕੇ ਦੀਆਂ ਬੱਸਾਂ ਦੀ ਹਾਲਤ ਖਸਤਾ ਹੋਣ ਕਾਰਨ ਕਦੇ ਵੀ ਵਾਪਰ ਸਕਦਾ ਹੈ ਵੱਡਾ ਹਾਦਸਾ



