ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੁਸ਼ੀ ਦਾ ਪ੍ਰਗਟਾਵਾ
ਚੰਡੀਗੜ੍ਹ, 4 ਮਈ (ਬਲਜੀਤ ਸਿੰਘ ਬਰਾੜ)- ਕਾਂਗਰਸ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਵੱਲੋਂ ਸੀਨੀਅਰ ਕਾਂਗਰਸ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸ੍ਰੀ ਸੁਨੀਲ ਜਾਖ਼ੜ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਮੁੱਖ ਮੰਤਰੀ ਬਣਨ ਤੋਂ ਬਾਅਦ ਕੈਪਟਨ ਸਾਹਿਬ ਨੇ ਖੁਦ ਪ੍ਰਧਾਨਗੀ ਦਾ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੀ ਸੀ। ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਪੱਤਰਕਾਰ ਸੰਮੇਲਨ ਦੌਰਾਨ ਇਸ ਸਬੰਧੀ ਜਾਣਕਾਰੀ ਦਿੱਤੀ। ਪੰਜਾਬ ਕਾਂਗਰਸ ਦੇ ਮੋਹਰੀ ਆਗੂਆਂ ਵਿੱਚ ਸ਼ਾਮਿਲ ਸ੍ਰੀ ਜਾਖ਼ੜ ਲਗਾਤਾਰ ਤਿੰਨ ਵਾਰੀ ਅਬੋਹਰ ਤੋਂ ਵਿਧਾਇਕ ਰਹਿ ਚੁੱਕੇ ਹਨ, ਪਰ ਹਾਲ ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਾਂਗਰਸ ਹਾਈਕਮਾਨ ਵੱਲੋਂ ਇਸ ਦੌਰਾਨ ਕੁਝ ਹੋਰ ਨਿਯੁਕਤੀਆਂ ਵੀ ਕੀਤੀਆਂ ਗਈਆਂ ਹਨ। ਸ੍ਰੀ ਪ੍ਰੀਤਮ ਸਿੰਘ ਨੂੰ ਪ੍ਰਦੇਸ਼ ਕਾਂਗਰਸ ਉੱਤਰਾਖ਼ੰਡ ਦਾ ਪ੍ਰਧਾਨ ਅਤੇ ਵਿਵੇਕ ਤਨਖ਼ਾ, ਚੇਅਰਮੈਨ ਕੁਲ ਹਿੰਦ ਕਾਂਗਰਸ ਲੀਗਲ ਡਿਪਾਰਟਮੈਂਟ ਨਿਯੁਕਤ ਕੀਤਾ ਗਿਆ ਹੈ। ਸ੍ਰੀ ਵਿਵੇਕ ਬਾਂਸਲ, ਮੁਹੰਮਦ ਨਿਜ਼ਾਮੁਦੀਨ, ਦੇਵੇਂਦਰਾ ਯਾਦਵ ਅਤੇ ਕਰੁਨ ਕੁਮਾਰ ਕੌਮੀ ਸਕੱਤਰ ਬਣਾਏ ਗਏ ਹਨ। ਸ੍ਰੀ ਜਾਖੜ ਦੀ ਨਿਯੁਕਤੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿੱਚ ਹੋਰ ਮਜ਼ਬੂਤ ਆਗੂ ਵਜੋਂ ਉੱਭਰ ਆਏ ਹਨ। ਵਰਨਣਯੋਗ ਹੈ ਕਿ ਮੁੱਖ ਮੰਤਰੀ ਬਣ ਜਾਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਆਪ ਹੀ ਇੱਛਾ ਜ਼ਾਹਿਰ ਕੀਤੀ ਸੀ ਕਿ ਉਨ੍ਹਾਂ ਦੀ ਥਾਂ ਕਿਸੇ ਹੋਰ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਜਾਵੇ। ਸ੍ਰੀ ਜਾਖੜ ਉਨ੍ਹਾਂ ਦੀ ਪਹਿਲੀ ਪਸੰਦ ਸਨ। ਇਸ ਨਿਯੁਕਤੀ ਤੋਂ ਇਹ ਵੀ ਪਤਾ ਲਗਦਾ ਹੈ ਕਿ ਕਾਂਗਰਸ ਦੀ ਹਾਈਕਮਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿੰਨੀ ਅਹਿਮੀਅਤ ਦੇ ਰਹੀ ਹੈ। ਸ੍ਰੀ ਜਾਖੜ ਦੀ ਨਿਯੁਕਤੀ ਦਾ ਪੰਜਾਬ ਕਾਂਗਰਸ ਵਿੱਚ ਕਾਫੀ ਭਰਵਾਂ ਸਵਾਗਤ ਹੋ ਰਿਹਾ ਹੈ। ਉਹ ਅਗਲੇ ਹਫਤੇ ਆਪਣਾ ਅਹੁਦਾ ਸੰਭਾਲਣਗੇ।
ਪ੍ਰਧਾਨਗੀ ਦੇ ਇਕ ਹੋਰ ਦਾਅਵੇਦਾਰ ਸਾਬਕਾ ਮੰਤਰੀ ਸ: ਲਾਲ ਸਿੰਘ ਨੂੰ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵਜੋਂ ਨਿਯੁਕਤ ਕਰ ਦਿੱਤੇ ਜਾਣ ਤੋਂ ਬਾਅਦ ਇਹ ਲਗਪਗ ਸਾਫ਼ ਹੀ ਹੋ ਗਿਆ ਸੀ ਕਿ ਸ੍ਰੀ ਜਾਖ਼ੜ ਨੂੰ ਕਿਸੇ ਵੀ ਵੇਲੇ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ।ਸ੍ਰੀ ਜਾਖ਼ੜ ਇਕ ਤਜਰਬੇਕਾਰ ਅਤੇ ਠਰੰਮ੍ਹੇ ਵਾਲੇ ਆਗੂ ਹੋਣ ਦੇ ਨਾਲ ਨਾਲ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਜੋਂ ਸੇਵਾਵਾਂ ਦੇਣ ਕਾਰਨ ਪ੍ਰਧਾਨਗੀ ਲਈ ਯੋਗ ਉਮੀਦਵਾਰ ਮੰਨੇ ਜਾ ਰਹੇ ਸਨ। ਸ੍ਰੀ ਜਾਖ਼ੜ ਸ੍ਰੀਮਤੀ ਰਜਿੰਦਰ ਕੌਰ ਭੱਠਲ ਅਤੇ ਸ: ਕੇਵਲ ਸਿੰਘ ਢਿੱਲੋਂ ਆਦਿ ਜਿਹੇ ਚੰਦ ਇਕ ਪ੍ਰਮੁੱਖ ਨੇਤਾਵਾਂ ਵਜੋਂ ਸਨ ਜਿਹੜੇ ਆਪੋ ਆਪਣੇ ਚੋਣ ਹਲਕੇ ਤੋਂ ਵਿਧਾਨ ਸਭਾ ਚੋਣ ਹਾਰ ਜਾਣ ਕਾਰਨ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਵਿਚ ਜਗ੍ਹਾ ਲੈਣੋਂ ਵਾਂਝੇ ਰਹਿ ਗਏ ਸਨ।
ਸੁਨੀਲ ਜਾਖੜ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ



