ਜੈਂਤੀਪੁਰ/ਅੰਮ੍ਰਿਤਸਰ, 5 ਮਈ (ਸੁਨੀਲ ਗੁਪਤਾ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ, ਸਾਬਕਾ ਮੰਤਰੀ ਅਤੇ ਹਲਕਾ ਮਜੀਠਾ ਦੇ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਾਕਿਸਤਾਨ ਭਾਰਤ ਵਿਰੋਧੀ ਸਾਜ਼ਿਸ਼ਾਂ ਅਤੇ ਕਰੂਰਤਾ ਭਰੀਆਂ ਗੈਰ-ਮਨੁੱਖੀ ਕਾਰਵਾਈਆਂ ਤੋਂ ਬਾਜ ਆਉਣ ਵਾਲਾ ਨਹੀਂ ਹੈ ਲਿਹਾਜ਼ਾ ਕੇਂਦਰ ਦੀ ਮੋਦੀ ਸਰਕਾਰ ਨੂੰ ਪਾਕਿਸਤਾਨ ਪ੍ਰਤੀ ਨਰਮੀ ਦਿਖਾਉਣ ਦੀ ਥਾਂ ਉਸ ਨੂੰ ਕਰਾਰਾ ਸਬਕ ਸਿਖਾਉਣ ਲਈ ਇੱਟ ਦਾ ਜਵਾਬ ਪੱਥਰ ਨਾਲ ਦੇਣ ਲਈ ਇੱਕ ਹੋਰ ਸਰਜੀਕਲ ਸਟ੍ਰਾਈਕ ਨੂੰ ਅੰਜਾਮ ਦੇਣ ਚਾਹੀਦਾ ਹੈ।ਸ: ਮਜੀਠੀਆ ਨੇ ਪਿੰਡ ਪਾਖਰਪੁਰ ਵਿਖੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਕਿਸਤਾਨੀ ਫੌਜ ਵੱਲੋਂ ਜੰਮੂ ਐਡ ਕਸ਼ਮੀਰ ਦੇ ਪੁਣਛ ਖੇਤਰ ਵਿੱਚ ਭੜਕਾਹਟ ਪੈਦਾ ਕਰਨ ਅਤੇ ਦੋ ਭਾਰਤੀ ਸੈਨਿਕਾਂ ਦੇ ਸਿਰ ਕਲਮ ਕਰਨ ਦੀ ਕਰੂਰ ਤੇ ਦਰਿੰਦਗੀ ਭਰੀ ਘਿਣਾਉਣੀ ਕਾਰਵਾਈ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ।ਉਹਨਾਂ ਕਿਹਾ ਕਿ ਪਾਕਿਸਤਾਨੀ ਅਵਾਮ ਨਾਲ ਆਪਸੀ ਸਹਿਯੋਗ ਪ੍ਰਤੀ ਅਸੀਂ ਹਮੇਸ਼ਾਂ ਹੀ ਆਸਵੰਦ ਰਹੇ ਹਾਂ, ਪਰ ਪਾਕਿਸਤਾਨ ਵੱਲੋਂ ਪਿਛਲੇ 6 ਮਹੀਨਿਆਂ ਦੌਰਾਨ ਭਾਰਤੀ ਫੌਜੀਆਂ ਦੇ ਸਿਰ ਕਲਮ ਕਰਨ ਦੀ ਉਕਤ ਤੀਜੀ ਘਟਨਾ ਨੇ ਸਾਬਤ ਕਰਦਿਤਾ ਹੈ ਕਿ ਪਾਕਿਸਤਾਨ ਭਾਰਤ ਪ੍ਰਤੀ ਸਾਰਥਿਕ ਸੋਚ ਤੋਂ ਕੋਹਾਂ ਦੂਰ ਹੈ।ਅਤੇ ਉਹ ਆਪਣੀਆਂ ਕਰਤੂਤਾਂ ਤੋਂ ਬਾਜ ਆਉਣ ਵਾਲਾ ਨਹੀਂ ਹੈ।ਇਸ ਮੌਕੇ ਸ: ਮਜੀਠੀਆ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਲਗਾਤਾਰ ਵਿਗੜ ਰਹੀ ਸਥਿਤੀ ਪ੍ਰਤੀ ਚਿੰਤਾ ਜ਼ਾਹਿਰ ਕਰਦਿਆਂ ਦੋਸ਼ ਲਾਇਆ ਕਿ ਕਾਂਗਰਸੀ ਰਾਜ ਦੇ ਮਾਹੌਲ ਨੂੰ ਵਿਗਾੜਨ ਵਿੱਚ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਅਮਨ ਕਾਨੂੰਨ ਅਤੇ ਸ਼ਾਂਤੀ ਵਿਵਸਥਾ ਖਰਾਬ ਹੋਣ ਨਾਲ ਰਾਜ ਵਿੱਚ ਹੋ ਰਿਹਾ ਪੂੰਜੀ ਨਿਵੇਸ਼ ਪ੍ਰਭਾਵਿਤ ਹੋਵੇਗਾ।
ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਇੱਕ ਹੋਰ ਸਰਜੀਕਲ ਸਟ੍ਰਾਈਕ ਦੀ ਤੁਰੰਤ ਲੋੜ : ਸ. ਮਜੀਠੀਆ



