ਨਵੀਂ ਦਿੱਲੀ, 3 ਮਈ- ਹਰਿਦੁਆਰ ਦੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਥਾਪਨਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝਾ ਮੋਰਚਾ ਲਾ ਦਿੱਤਾ ਹੈ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ‘ਚ ਅੱਜ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬੰਡੂਗਰ ਅਤੇ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੰਸਾਰਭਰ ’ਚ ਵੱਡੇ ਪੱਧਰ ’ਤੇ ਨਿਰੰਤਰ ਚਲਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ ਤਿਆਰ ਕਰਨ ਦੀ ਗਿਆਨੀ ਗੁਰਬਚਨ ਸਿੰਘ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਨੂੰ ਅਪੀਲ ਕੀਤੀ ਹੈ।ਉਕਤ ਆਗੂਆਂ ਨੇ ਦੱਸਿਆ ਕਿ ‘‘ਗੁਰਦੁਆਰਾ ਗਿਆਨ ਗੋਦੜੀ ਮੁਹਿੰਮ‘‘ ਦੇ ਤਹਿਤ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਗੁਰੂ ਨਾਨਕ ਦੇਵ ਜੀ ਦੀ ਪਵਿਤਰ ਚਰਣਛੋਹ ਪ੍ਰਾਪਤ ਉਕਤ ਸਥਾਨ ਨਾਲ ਜੋੜਨ ਲਈ ਕੌਮ ਦੀ ਇਹ ਸਾਂਝੀ ਕੋਸ਼ਿਸ਼ ਹੈ। ਜਿਸਦੇ ਲਈ ਕੌਮ ਨੂੰ ਇੱਕਜੁਟ ਰੱਖਦੇ ਹੋਏ ਜੱਥੇਦਾਰ ਜੀ ਦੀ ਅਗਵਾਹੀ ’ਚ ਧਾਰਮਿਕ ਏਜੰਡੇ ‘ਤੇ ਚੱਲਣਾ ਜਰੂਰੀ ਹੈ। ਜੱਥੇਦਾਰ ਸਾਹਿਬ ਵੱਲੋਂ ਇਸ ਸਬੰਧੀ ਜੋ ਵੀ ਪ੍ਰੋਗਰਾਮ ਸੰਗਤਾਂ ਨੂੰ ਆਦੇਸ਼ ਰੂਪ ਵਿੱਚ ਜਾਰੀ ਕੀਤਾ ਜਾਵੇਗਾ, ਦੋਵੇਂ ਕਮੇਟੀਆਂ ਉਸ ‘ਤੇ ਪਹਿਰਾ ਦੇਣਗੀਆਂ।ਜੀ.ਕੇ. ਨੇ ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਸੇਵਕ ਜਥੇ, ਇਸਤਰੀ ਸਤਿਸੰਗ ਸਭਾਵਾਂ, ਸਿੰਧੀ ਸਮਾਜ, ਨਿਰਮਲੇ ਪੰਥ ਸਣੇ ਸਮੂਹ ਨਾਨਕ ਨਾਮਲੇਵਾ ਸੰਗਤਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ।ਗੁਰਦੁਆਰਾ ਸਾਹਿਬ ਲਈ ਜ਼ਮੀਨ ਉਪਲੱਬਧ ਕਰਵਾਉਣ ਲਈ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਅਨਾਥ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦੀ ਭੂਮਿਕਾ ਨੂੰ ਜੀ.ਕੇ. ਨੇ ਅਹਿਮ ਦੱਸਿਆ। ਪ੍ਰੈਸ ਕਾਨਫਰੰਸ ਤੋਂ ਪਹਿਲਾ ਬੀਤੇ ਦਿਨੀਂ ਜੰਮੂ-ਕਸ਼ਮੀਰ ਦੀ ਸਰਹੱਦ ਤੇ ਸ਼ਹੀਦ ਹੋਏ ਫੌਜੀ ਸੂਬੇਦਾਰ ਪਰਮਜੀਤ ਸਿੰਘ ਅਤੇ ਸਿਪਾਹੀ ਸਾਗਰ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਆਗੂਆਂ ਵੱਲੋਂ 1 ਮਿੰਟ ਦਾ ਮੌਨ ਵੀ ਰੱਖਿਆ ਗਿਆ। ਜੀ.ਕੇ. ਨੇ ਬੰਡੂਗਰ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਅਤੇ ਮੁੱਖ ਸਕੱਤਰ ਹਰਚਰਣ ਸਿੰਘ ਨੂੰ ਸ਼ਾਲ, ਕਿਤਾਬ ਅਤੇ ਪ੍ਰਤੀਕ ਚਿਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦਾ ਇਤਿਹਾਸ ਦੱਸਦੀ ਇੱਕ ਦਸਤਾਵੇਜੀ ਫਿਲਮ ਵੀ ਪੱਤਰਕਾਰਾਂ ਨੂੰ ਦਿਖਾਈ ਗਈ।
‘ਗੁਰਦੁਆਰਾ ਗਿਆਨ ਗੋਦੜੀ ਮੁਹਿੰਮ’ ਦੀ ਕਮਾਨ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਸੰਭਾਲਣਗੇ



