ਬਰਨਾਲਾ, 27 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)- ਸਰਕਾਰ ਵੱਲੋਂ ਗਰੀਬਾਂ ਨੂੰ ਸਸਤਾ ਅਤੇ ਪੌਸ਼ਟਿਕ ਖਾਣਾ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਜ਼ਿਲ੍ਹਾ ਤੇ ਸਬ-ਡਵੀਜ਼ਨ ਪੱਧਰ ’ਤੇ ਸਸਤੀਆਂ ਰਸੋਈਆ ਖੋਲਣ ਦੇ ਫੈਸਲੇ ਅਨੁਸਾਰ ਸਥਾਨਕ ਨਗਰ ਕੌਂਸਲ ਦਫਤਰ ਵਿਖੇ ਬਣਾਏ ਰੈਣ ਬਸੇਰਾ ਵਿੱਚ ਸ਼ੁਰੂ ਕੀਤੀ ਗਈ ਕਮਿਊਨਿਟੀ ਰਸੋਈ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਿਆਮ ਥੋਰੀ ਨੇ ਕੀਤਾ। ਇਸ ਮੌਕੇ ਸ੍ਰੀ ਥੋਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਗਰੀਬ ਲੋਕ ਜੋ ਆਰਥਿਕ ਸਥਿਤੀ ਕਮਜ਼ੋਰ ਹੋਣ ਕਰਕੇ ਪੇਟ ਭਰ ਖਾਣਾ ਖਾਣ ਤੋਂ ਵਾਂਝੇ ਰਹਿ ਜਾਂਦੇ ਹਨ,ਲਈ ਇਸ ਕਮਿਊਨਿਟੀ ਰਸੋਈ ਨੂੰ ੂਨਾ ਨਫਾ ਨਾ ਘਾਟਾੂ ਦੇ ਆਧਾਰ ’ਤੇ ਚਲਾਇਆ ਜਾਵੇਗਾ ਜਿਸ ਲਈ ਸਿਰਫ 10 ਰੁਪਏ ਦੇ ਕੇ ਪੌਸ਼ਟਿਕ ਅਤੇ ਸਾਫ-ਸੁਥਰਾ ਭੋਜਨ ਜਿਵੇਂ ਕਿ ਦਾਲ, ਸਬਜ਼ੀ, 4 ਫੁਲਕੇ ਅਤੇ ਚਾਵਲ ਮਿਲਣਗੇ। ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨਿਸ਼ਕਾਮ ਸੇਵਾ ਸੰਮਤੀ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਇਸ ਰਸੋਈ ਵਿੱਚ ਫਿਲਹਾਲ ਰੋਜ਼ਾਨਾ 12.30 ਵਜੇ ਤੋਂ ਲੈਕੇ 2.30 ਵਜੇ ਤੱਕ ਖਾਣਾ ਮੁਹੱਈਆ ਕਰਵਾਇਆ ਜਾਵੇਗਾ। ਇੱਕ ਸਵਾਲ ਦੇ ਜਵਾਬ ਵਿੱਚ ਡੀਸੀ ਨੇ ਦੱਸਿਆ ਕਿ ਸਰਕਾਰ ਵੱਲੋਂ ਸੂਬੇ ਭਰ ਵਿੱਚ ਅਜਿਹੀਆਂ ਰਸੋਈਆ ਲਈ ਭਾਵੇਂ ਕੋਈ ਵੱਖਰਾ ਬਜਟ ਨਹੀਂ ਰੱਖਿਆ ਗਿਆ ਫਿਰ ਵੀ ਅਸੀਂ ਰੈਡ ਕਰਾਸ ਵਿੱਚੋਂ ਇਸ ਸਸਤੀ ਰਸੋਈ ਲਈ ਫੰਡ ਦੀ ਵਿਵਸਥਾ ਕਰਾਂਗੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਲੋਕਾਂ ਨੂੰ ਵੀ ਇਸ ਕੰਮ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰਵੀਨ ਕੁਮਾਰ, ਕਾਰਜ ਸਾਧਕ ਅਫ਼ਸਰ ਬਰਨਾਲਾ ਗੁਰਦਰਸ਼ਨ ਸਿੰਘ, ਸੈਕਟਰੀ ਰੈੱਡ ਕਰਾਸ ਸੁਸਾਇਟੀ ਰਾਜ ਕੁਮਾਰ ਜਿੰਦਲ, ਨਿਸ਼ਕਾਮ ਸੇਵਾ ਸੰਮਤੀ ਤੋਂ ਰਾਜਿੰਦਰ ਸਿੰਗਲਾ, ਗਿਆਨ ਚੰਦ, ਬੌਬੀ ਬਾਂਸਲ ਅਤੇ ਨਗਰ ਕੌਂਸਲ ਦੇ ਐਮ. ਸੀ. ਅਤੇ ਅਧਿਕਾਰੀ/ਕਰਮਚਾਰੀ ਵੀ ਹਾਜ਼ਰ ਸਨ।
ਬਰਨਾਲਾ ਵਿੱਚ ਖੁੱਲੀ ਸਸਤੀ ਰਸੋਈ-ਸਿਰਫ 10 ਰੁਪਏ ’ਚ ਮਿਲੇਗਾ ਪੌਸ਼ਟਿਕ ਭੋਜਨ



