ਸਰਕਾਰ ਵਪਾਰ ਦੇ ਸਬੰਧ ਵਿੱਚ ਪੰਜਾਬ ਨੂੰ ਇੱਕ ਨੰਬਰ ਸੂਬਾ ਬਣਾਉਣ ਲਈ ਯਤਨਸ਼ੀਲ
ਚੰਡੀਗੜ੍ਹ, 25 ਅਪ੍ਰੈਲ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਸਨਅਤੀ ਨੀਤੀ ਹੇਠ ਪੰਜਾਬ ’ਚ ਨਵੇਂ ਉਦਯੋਗਾਂ ਨੂੰ ਪੇਸ਼ਕਸ਼ ਕੀਤੀਆਂ ਜਾ ਰਹੀਆਂ ਰਿਆਇਤਾਂ ਦੇ ਬਰਾਬਰ ਹੀ ਮੌਜੂਦਾ ਸਨਅਤਾਂ ਨੂੰ ਰਿਆਇਤਾਂ ਮੁਹੱਈਆਂ ਕਰਵਾਉਣ ਲਈ ਉਦਯੋਗ ਵਿਭਾਗ ਨੂੰ ਆਦੇਸ਼ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਇਹ ਆਦੇਸ਼ ਉਸ ਵੇਲੇ ਜਾਰੀ ਕੀਤੇ ਜਦੋਂ ਸੀ.ਆਈ.ਆਈ ਦਾ ਇਕ ਵਫਦ ਉੱਤਰੀ ਖੇਤਰ ਦੇ ਚੇਅਰਮੈਨ ਸੁਮੰਤ ਸਿਨ੍ਹਾ ਦੀ ਅਗਵਾਈ ਵਿੱਚ ਉਨ੍ਹਾਂ ਨੂੰ ਮਿਲਣ ਆਇਆ। ਇਹ ਵਫਦ ਉੱਤਰੀ ਸੂਬਿਆਂ ਖਾਸਕਰ ਪੰਜਾਬ ਵਿੱਚ ਵਪਾਰ ਨੂੰ ਬੜ੍ਹਾਵਾ ਦੇਣ ਨੂੰ ਸੁਖਾਲਾ ਬਣਾਉਣ ਵਾਸਤੇ ਢੰਗ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਆਇਆ ਸੀ। ਪੰਜਾਬ ਉਦਯੋਗ ਦੇ ਸਬੰਧ ਵਿੱਚ ਇਸ ਵੇਲੇ 12ਵੇਂ ਸਥਾਨ ’ਤੇ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਪਾਰ ਦੇ ਸਬੰਧ ਵਿੱਚ ਪੰਜਾਬ ਨੂੰ ਇੱਕ ਨੰਬਰ ਸੂਬਾ ਬਣਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਨੇ ਸੂਬੇ ਵਿੱਚ ਨਿਵੇਸ਼ ਵਾਸਤੇ ਹੋਰ ਜ਼ਿਆਦਾ ਆਕ੍ਰਸ਼ਤ ਪੈਦਾ ਕਰਨ ਵਾਸਤੇ ਸੀ.ਆਈ.ਆਈ ਤੋਂ ਸੁਝਾਅ ਮੰਗੇ। ਅੱਜ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਦਯੋਗ ਅਤੇ ਸੂਬਾ ਸਰਕਾਰ ਵਿਚਕਾਰ ਗੱਲਬਾਤ ਨੂੰ ਜਾਰੀ ਰੱਖਣ ਲਈ ਦੋਵੇਂ ਧਿਰਾਂ ਸਮੂਹਿਕ ਰੂਪ ਵਿੱਚ ਕਾਰਜ ਕਰਨ ਲਈ ਸਹਿਮਤ ਹੋ ਗਈਆਂ ਹਨ। ਪੰਜਾਬ ਸਰਕਾਰ ਇਸ ਵੇਲੇ ਸੂਬੇ ਵਿੱਚ ਉਦਯੋਗ ਨੂੰ ਬੜ੍ਹਾਵਾ ਦੇਣ ਲਈ ਸੁਖਾਵਾਂ ਮਾਹੌਲ ਬਣਾਉਣ ਵਾਸਤੇ ਨਵੀਂ ਸਨਅਤੀ ਨੀਤੀ ਉੱਤੇ ਕਾਰਜ ਕਰ ਰਹੀ ਹੈ। ਸੀ.ਆਈ.ਆਈ ਨੇ ਸੂਬੇ ਵਿੱਚ ਐਗਰੋ ਅਧਾਰਿਤ ਫੂਡ ਪ੍ਰੋਸੈਸਿੰਗ ਉਦਯੋਗ ਅਤੇ ਲਘੂ ਸਨਅਤੀ ਉਦਯੋਗ ਨੂੰ ਬੜ੍ਹਾਵਾ ਦੇਣ ਲਈ ਮੁੱਖ ਮੰਤਰੀ ਨੂੰ ਸੁਝਾਅ ਦਿੱਤਾ। ਵਫਦ ਨੇ ਉਦਯੋਗ ਨੂੰ ਬੜ੍ਹਾਵਾ ਦੇਣ ਲਈ ਬਿਜਲੀ ਸਪਲਾਈ ਵਿੱਚ ਸੁਧਾਰ ਲਿਆਉਣ, ਬੁਨਿਆਦੀ ਢਾਂਚਿਆਂ ਦੇ ਵਿਕਾਸ ਅਤੇ ਹਵਾਈ ਸੰਪਰਕ ਵਿੱਚ ਵਾਧਾ ਕਰਨ ਲਈ ਵੀ ਸੁਝਾਅ ਦਿੱਤਾ। ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਪ੍ਰਮੱਖ ਸਕੱਤਰ ਮੁੱਖ ਮੰਤਰੀ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ ਉਦਯੋਗ ਤੇ ਕਮਰਸ ਡੀ.ਪੀ ਰੈਡੀ ਅਤੇ ਸੀ.ਈ.ਓ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਡੀ. ਕੇ ਤਿਵਾੜੀ ਵੀ ਹਾਜ਼ਰ ਸਨ। ਸੀ.ਆਈ.ਆਈ ਦੇ ਵਫਦ ਵਿੱਚ ਸੀ.ਆਈ.ਆਈ ਦੇ ਉੱਤਰੀ ਖੇਤਰ ਦੇ ਚੇਅਰਮੈਨ ਸਮੰਤ ਸਿਨ੍ਹਾ, ਸੀ.ਆਈ.ਆਈ ਦੇ ਉੱਤਰੀ ਖੇਤਰ ਦੇ ਡਿਪਟੀ ਚੇਅਰਮੈਨ ਸੱਚਿਤ ਜੈਨ, ਸੀ.ਆਈ.ਆਈ ਪੰਜਾਬ ਸੂਬਾਈ ਕਾਉਂਸਲ ਦੇ ਚੇਅਰਮੈਨ ਗੁਰਮੀਤ ਭਾਟਿਆ, ਸੀ.ਆਈ.ਆਈ. ਪੰਜਾਬ ਸੂਬਾਈ ਕਾਉਂਸਲ ਦੇ ਉੱਪ ਚੇਅਰਮੈਨ ਸਰਵਜੀਤ ਸਮਰਾ, ਸੀ.ਆਈ.ਆਈ ਪੰਜਾਬ ਸੂਬਾਈ ਕਾਉਂਸਲ ਦੇ ਸੰਦੀਪ ਜੈਨ, ਸੀ.ਆਈ.ਆਈ ਉੱਤਰੀ ਖੇਤਰ ਦੇ ਖੇਤਰੀ ਡਾਇਰੈਕਟਰ ਬਾਬੂ ਖਾਨ, ਸੀ.ਆਈ.ਆਈ ਪੰਜਾਬ ਰਾਜ ਦੇ ਹੈਡ ਭੁਪਿੰਦਰ ਪਾਲ ਕੌਰ ਅਤੇ ਕਾਰਜਕਾਰੀ ਅਧਿਕਾਰੀ ਸੀ.ਆਈ.ਆਈ. ਜਗਮੀਤ ਸਿੰਘ ਬੇਦੀ ਸ਼ਾਮਲ ਸਨ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਮੌਜੂਦਾ ਉਦਯੋਗਾਂ ਨੂੰ ਨਵੇਂ ਉਦਯੋਗਾਂ ਦੇ ਬਰਾਬਰ ਮੌਕੇ ਮੁਹੱਈਆ ਕਰਵਾਉਣ ਦੇ ਨਿਰਦੇਸ਼



