ਸ਼੍ਰੀਨਗਰ, 16 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਘਾਟੀ ’ਚ ਜਾਰੀ ਹਿੰਸਾ ਦੇ ਚੱਲਦੇ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਦਿੱਲੀ ‘ਚ ਆਰਮੀ ਚੀਫ ਵਿਪਿਨ ਰਾਵਤ ਨੂੰ ਮਿਲੀ। ਮੁਲਾਕਾਤ ਦੌਰਾਨ ਮੁਫਤੀ ਨੇ ਨੌਜਵਾਨਾਂ ’ਤੇ ਅੱਤਿਆਚਾਰ ਕਰਨ ਵਾਲੇ ਜਵਾਨਾਂ ਅਤੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਮਹਿਬੂਬਾ ਮੁਫਤੀ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਾ ਚਾਹੁੰਦੀ ਸੀ ਪਰ ਮੋਦੀ ਭੁਵਨੇਸ਼ਵਰ ’ਚ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ’ਚ ਸਨ ਇਸ ਲਈ ਮੁਲਾਕਾਤ ਨਹੀਂ ਹੋ ਸਕੀ।ਖਬਰਾਂ ਮੁਤਾਬਕ ਮਹਿਬੂਬਾ ਮੁਫਤੀ ਨੇ ਵਿਪਿਨ ਰਾਵਤ ਨੂੰ ਕਿਹਾ ਕਿ ਫੌਜ ਦੇ ਕੁਝ ਜਵਾਨਾਂ ਦੀ ਹਰਕਤ ਘਾਟੀ ’ਚ ਅਮਨ ਦੀ ਕਈ ਸਾਲਾਂ ਤੋਂ ਕੋਸ਼ਿਸ਼ਾਂ ’ਤੇ ਪਾਣੀ ਫੇਰ ਰਹੀ ਹੈ।ਦੋਸ਼ੀ ਜਵਾਨਾਂ ਅਤੇ ਅਧਿਕਾਰੀਆਂ ਵਿਰੁੱਧ ਤੁਰੰਤ ਕਾਰਵਾਈ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਮਹਿਬੂਬਾ ਨੇ ਰਾਵਤ ਨੂੰ ਦੱਸਿਆ ਕਿ ਅੱਤਿਆਚਾਰ ਦੀਆਂ ਖਬਰਾਂ ਦੇ ਨਤੀਜੇ ਸਿਰਫ ਰਾਜ ਨੂੰ ਨਹੀਂ ਭੁਗਤਨੇ ਪੈ ਰਹੇ ਸਗੋਂ ਇਨ੍ਹਾਂ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਦੇਸ਼ ਦੇ ਅਕਸ ‘ਤੇ ਅਸਰ ਪੈ ਰਿਹਾ ਹੈ। ਮਹਿਬੂਬਾ ਦਾ ਕਹਿਣਾ ਸੀ ਕਿ ਇਕ ਨੌਜਵਾਨ ਨੂੰ ਫੌਜ ਦੀ ਜੀਪ ਨਾਲ ਬੰਨ੍ਹ ਕੇ ਘੁਮਾਉਣ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਸ਼ਮੀਰ ਦੇ ਲੋਕਾਂ ‘ਚ ਗੁੱਸਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਫੌਜ ਇਸ ਨਾਲ ਹੋਏ ਨੁਕਸਾਨ ਦੀ ਭਰਪਾਈ ਛੇਤੀ ਹੀ ਕਰੇਗੀ। ਮੀਡੀਆ ਰਿਪੋਰਟਸ ਮੁਤਾਬਕ ਮਹਿਬੂਬਾ ਨੇ ਕਿਹਾ, ‘‘ਡੰਡੇ ਨਾਲ ਕੁਝ ਨਹੀਂ ਹੋਣਾ। ਹੁਣ ਤੱਕ ਜੋ ਹੋਇਆ ਸੋ ਹੋਇਆ, ਹੁਣ ਇਸ ਨੂੰ ਦੁਹਰਾਇਆ ਨਹੀਂ ਜਾਣਾ ਚਾਹੀਦਾ।‘‘ਇਸ ਤੋਂ ਬਾਅਦ ਉਨ੍ਹਾਂ ਅੱਗੇ ਕਿਹਾ ਕਿ ਮਹਿਬੂਬਾ ਮੁਫਤੀ ਨੇ ਵਿਪਿਨ ਰਾਵਤ ਨੂੰ ਦੱਸਿਆ ਕਿ ਉਨ੍ਹਾਂ ਦੇ ਸਾਹਮਣੇ ਲੋਕਾਂ ਦਾ ਦਿਲ ਜਿੱਤਣਾ ਹੀ ਇਕਲੌਤਾ ਰਾਹ ਹੈ। ਉਨ੍ਹਾਂ ਨੇ ਯਾਦ ਦਿਵਾਇਆ ਕਿ ਅੱਤਿਆਚਾਰੀ ਦੀਆਂ ਘਟਨਾਵਾਂ ਫੌਜ ਦੇ ਆਪਰੇਸ਼ਨ ਸਦਭਾਵਨਾ ਅਤੇ ਕਸ਼ਮੀਰੀ ਨੌਜਵਾਨਾਂ ਲਈ ਚਲਾਏ ਜਾ ਰਹੇ ਦੂਜੇ ਵਰਕਰਜ਼ ਦੇ ਸਕਾਰਾਤਮਕ ਅਸਰ ਨੂੰ ਖਤਮ ਕਰ ਰਹੀ ਹੈ। ਜਵਾਬ ‘ਚ ਰਾਵਤ ਨੇ ਭਰੋਸਾ ਦਿਵਾਇਆ ਕਿ ਉਹ ਛੇਤੀ ਹੀ ਇਸ ਮਾਮਲੇ ‘ਚ ਕੁਝ ਕਰਨਗੇ।
ਮਹਿਬੂਬਾ ਨੇ ਕਸ਼ਮੀਰ ’ਚ ਜਾਰੀ ਹਿੰਸਾ ’ਤੇ ਆਰਮੀ ਚੀਫ ਨੂੰ ਦਿੱਤੀ ਚੇਤਾਵਨੀ-ਕਿਹਾ, ‘ਡੰਡਿਆਂ ਨਾਲ ਕੁਝ ਨਹੀਂ ਹੋਣਾ’



