ਜਾਧਵ ਕੋਲ ਮੌਤ ਦੀ ਸਜ਼ਾ ਦੇ ਖਿਲਾਫ ਅਪੀਲ ਕਰਨ ਲਈ 60 ਦਿਨ : ਪਾਕਿਸਤਾਨ
ਨਵੀਂ ਦਿੱਲੀ/ਇਸਲਾਮਾਬਾਦ, 11 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਨਵਾਜ਼ ਸ਼ਰੀਫ ਨੇ ਭਾਰਤੀ ਨਾਗਰਕਿ ਅਤੇ ਭਾਰਤੀ ਜਲ ਸੇਨਾ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਫਾਂਸੀ ਦੀ ਸਜ਼ਾ ਮਾਮਲੇ ਵਿੱਚ ਆਪਣੀ ਚੁੱਪੀ ਤੋੜਦੇ ਹੋਏ ਕਿਹਾ ਹੈ ਕਿ ਅਸੀਂ ਆਪਣੇ ਗਵਾਂਢੀਆਂ ਨਾਲ ਦੋਸਤਾਨਾ ਰਿਸ਼ਤੇ ਚਾਹੁੰਦੇ ਹਾਂ ਅਤੇ ਪਾਕਿਸਤਾਨ ਇੱਕ ਸ਼ਾਂਤੀਪਸੰਦ ਮੁਲਕ ਹੈ। ਸ਼ਰੀਫ ਨੇ ਬਿਆਨ ਦੌਰਾਨ ਕਿਹਾ ਕਿ ਜੇਕਰ ਮੁਲਕ ਉੱਤੇ ਕਿਸੇ ਤਰ੍ਹਾਂ ਦਾ ਖਤਰਾ ਆਉਂਦਾ ਹੈ ਤਾਂ ਸਾਡੀ ਫੋਜ ਹਰ ਖਤਰੇ ਨਾਲ ਲੜਣ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਇੱਕ ਫੋਜੀ ਅਦਾਲਤ ਨੇ ਕੁਲਭੂਸ਼ਣ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਜਾਧਵ ਨੂੰ 3 ਮਾਰਚ 2016 ਵਿੱਚ ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ’ਚੋਂ ਗ੍ਰਿਫਤਾਰ ਕੀਤਾ ਗਿਆ ਸੀ। ਪਾਕਿਸਤਾਨ ਵੱਲੋਂ ਭਾਰਤੀ ਜਲ ਸੇਨਾ ਦੇ ਇਸ ਅਧਿਕਾਰੀ ਨੂੰ ਰਾਅ ਏਜੰਟ ਦੱਸਿਆ ਗਿਆ ਸੀ। ਇਸ ਮੁੱਦੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਭਾਰਤ ਨੇ ਇਹ ਸਪਸ਼ਟ ਕੀਤਾ ਸੀ ਕਿ ਜੇਕਰ ਸਜ਼ਾ ਉੱਤੇ ਅਮਲ ਕੀਤਾ ਗਿਆ ਤਾਂ ਦੋਵਾਂ ਮੁਲਕਾਂ ਦੇ ਆਪਸੀ ਸਬੰਧਾਂ ਉੱਤੇ ਇਸਦਾ ਅਸਰ ਲਾਜ਼ਮੀ ਤੌਰ ’ਤੇ ਪਵੇਗਾ। ਪਾਕਿਸਤਾਨ ਰੱਖਿਆ ਮੰਤਰਾਲਾ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਜਾਧਵ ਦੇ ਕੇਸ ਵਿੱਚ ਕਾਨੂੰਨੀ ਪ੍ਰਕਿਰਿਆ ਉੱਤੇ ਅਮਲ ਕੀਤਾ ਗਿਆ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਮੁਹੰਮਦ ਆਸਿਫ ਨੇ ਪਾਕਿਸਤਾਨ ਦੀ ਸੰਸਦ ਵਿੱਚ ਇਹ ਸਪਸ਼ਟ ਕੀਤਾ ਕਿ ਜਾਧਵ ਕੋਲ ਸਜ਼ਾ ਦੇ ਖਿਲਾਫ ਅਪੀਲ ਕਰਨ ਲਈ 60 ਦਿਨਾਂ ਦਾ ਵਕਤ ਹੈ। ਭਾਰਤ ਦੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਸਰਕਾਰ ਅਤੇ ਭਾਰਤ ਦੇ ਲੋਕ ਇਸ ਘਟਨਾ ਨੂੰ ਕਾਫ਼ੀ ਗੰਭੀਰਤਾ ਨਾਲ ਲੈ ਰਹੇ ਹਨ, ਜਿਸ ਵਿੱਚ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਪਾਲਣ ਕੀਤੇ, ਪਾਕਿਸਤਾਨ ਵੱਲੋਂ ਇੱਕ ਨਿਰਦੋਸ਼ ਭਾਰਤੀ ਨਾਗਰਿਕ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਸ੍ਰੀਮਤੀ ਸੁਸ਼ਮਾ ਸਵਰਾਜ ਨੇ ਇਹ ਵੀ ਸਾਫ ਕੀਤਾ ਕਿ ਜੇਕਰ ਇਸ ਮੌਤ ਦੀ ਸਜ਼ਾ ਉੱਤੇ ਅਮਲ ਹੁੰਦਾ ਹੈ ਤਾਂ ਭਾਰਤ ਸਰਕਾਰ ਪਾਕਿਸਤਾਨ ਦੇ ਰਾਸ਼ਟਰਪਤੀ ਦੇ ਸਾਹਮਣੇ ਇਸ ਮਾਮਲੇ ਨੂੰ ਲੈ ਕੇ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਜਾਧਵ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਲਗਾਤਾਰ ਜਾਧਵ ਦੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿੱਚ ਹਨ ਅਤੇ ਜਾਧਵ ਇਰਾਨ ਵਿੱਚ ਕੰਮਕਾਜ ਕਰਦੇ ਸਨ। ਉਨ੍ਹਾਂ ਨੂੰ ਉਥੋਂ ਅਗਵਾ ਕਰਕੇ ਪਾਕਿਸਤਾਨ ਲਿਜਾਇਆ ਗਿਆ। ਉਨ੍ਹਾਂ ਨੇ ਜਾਧਵ ਲਈ ਕੌਂਸਲਰ ਉਪਲਬਧ ਕਰਾਉਣ ਦੀ ਗੱਲ ਵੀ ਆਖੀ ਤਾਂ ਜੋ ਅਸਲੀ ਤੱਥਾਂ ਦਾ ਪਤਾ ਕੀਤਾ ਜਾ ਸਕੇ, ਜਦਕਿ ਪਾਕਿਸਤਾਨ ਸਰਕਾਰ ਵੱਲੋਂ ਆਏ ਤਣਾਅ ਭਰਪੂਰ ਬਿਆਨ ਬਾਅਦ ਇਹ ਮਾਮਲਾ ਹੁਣ ਸੰਗੀਨ ਹੰਦਾ ਜਾ ਰਿਹਾ ਹੈ। ਨਵਾਜ਼ ਸ਼ਰੀਫ ਪਾਕਿਸਤਾਨ ਫੌਜ ਦੀ ਤਿਆਰੀ ਬਾਰੇ ਆਇਆ ਬਿਆਨ ਪਾਕਿਸਤਾਨ-ਭਾਰਤ ਦਰਮਿਆਨ ਤਣਾਅ ਵਿੱਚ ਵਾਧਾ ਕਰ ਸਕਦਾ ਹੈ ਅਤੇ ਇਸ ਨੂੰ ਜੰਗ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ।



