ਵਿਸ਼ੇਸ਼ ਸੰਪਾਦਕੀ : ਦਿਲ ਛੋਟਾ ਨਾ ਕਰੋ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ
ਸ਼੍ਰੋਮਣੀ ਅਕਾਲੀ ਦਲ ਇੱਕ ਵੱਖਰੀ ਤਰ੍ਹਾਂ ਦਾ ਸਿਆਸੀ ਸੰਗਠਨ ਹੈ। ਇਸ ਦੀ ਤਾਕਤ ਪੈਸਾ ਜਾਂ ਲੱਠਮਾਰੀ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਸੰਗਤ ਵਿੱਚ ਹੈ। ਇਸ ਪਾਰਟੀ ਦਾ ਰਾਖਾ ਅਤੇ ਸਰਪ੍ਰਸਤ ਖੁਦ ਅਕਾਲ ਪੁਰਖ ਹੈ। ਬੇਸ਼ੱਕ ਸਮਿਆਂ ਦੇ ਗੇੜ ਵਿੱਚ ਅਕਾਲੀ ਦਲ ਨੂੰ ਕਈ ਵਾਰ ਸਿਆਸੀ ਚੁਣੌਤੀਆਂ ਅਤੇ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ, ਪ੍ਰੰਤੂ ਪਾਰਟੀ ਫਿਰ ਵੀ ਕਾਇਮ ਰਹੀ ਹੈ। ਪੰਜਾਬ ਵਿਧਾਨ ਸਭਾ ਦੀਆਂ 4 ਫਰਵਰੀ ਨੂੰ ਹੋਈਆਂ ਚੋਣਾਂ ਵਿੱਚ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। 117 ਸੀਟਾਂ ਵਿੱਚੋਂ ਸਿਰਫ 15 ਸੀਟਾਂ ਮਿਲਣ ਕਾਰਨ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਧਿਰ ਵੀ ਨਹੀਂ ਬਣ ਸਕਿਆ। ਅਜਿਹੇ ਸਮੇਂ ਪਾਰਟੀ ਲੀਡਰਸ਼ਿਪ ਨੂੰ ਵੱਡੇ ਸਾਹਸ ਅਤੇ ਹੌਸਲੇ ਦੀ ਜ਼ਰੂਰਤ ਹੈ। ਪਰ ਇਹ ਹੈਰਾਨੀ ਦੀ ਗੱਲ ਹੈ ਕਿ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਜਿਹੇ ਮੌਕੇ ਸਹੀ ਸਿਆਸੀ ਵਿਵਹਾਰ ਨਹੀਂ ਕਰ ਰਹੇ। ਉਨ੍ਹਾਂ ਦੀਆਂ ਸਰਗਰਮੀਆਂ ਅਤੇ ਬਿਆਨਾਂ ਵਿੱਚੋਂ ਇੱਕ ਖੌਫ ਝਲਕ ਰਿਹਾ ਹੈ। ਇਸੇ ਕਾਰਨ ਉਹ ਆਖ ਰਹੇ ਹਨ ਕਿ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਅਕਾਲੀ ਦਲ ਜ਼ਿਲ੍ਹਿਆਂ ਦੇ ਐਸਐਸਪੀ ਅਤੇ ਡੀਸੀ ਬਦਲਣ ਦੀ ਸਮਰਥਾ ਰੱਖਦਾ ਹੈ। ਉਨ੍ਹਾਂ ਦਾ ਇਹ ਕਥਨ ਅਕਾਲੀ ਦਲ ਦੀ ਬੁਨਿਆਦੀ ਨੀਤੀ ਅਤੇ ਸੋਚ ਨਾਲ ਮੇਲ ਨਹੀਂ ਖਾਂਦਾ। ਸ਼੍ਰੋਮਣੀ ਅਕਾਲੀ ਦਲ ਤਾਂ ਦੇਸ਼ ਅਤੇ ਪੰਜਾਬ ਨੂੰ ਬਦਲਣ ਲਈ ਲੜਦਾ ਰਿਹਾ ਹੈ। ਦੇਸ਼ ਵਿੱਚ ਲੋਕਤੰਤਰ ਦੀ ਬਹਾਲੀ ਲਈ 1975 ’ਚ ਐਮਰਜੈਂਸੀ ਖਿਲਾਫ ਮੋਰਚਾ ਲਾਇਆ ਗਿਆ। ਫਿਰ ਕਈ ਦਹਾਕੇ ਰਾਜਾਂ ਲਈ ਵੱਧ ਅਧਿਕਾਰਾਂ ਅਤੇ ਖੁਦਮੁਖਤਿਆਰੀ ਦੀ ਸ਼ਾਨਦਾਰ ਲੜਾਈ ਲੜੀ ਗਈ। ਵੱਡੀਆਂ ਲੜਾਈਆਂ ਲੜਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਨੂੰ ਸਿਰਫ ਅਫਸਰਾਂ ਦੀ ਅਦਲਾ-ਬਦਲੀ ਤੱਕ ਸੀਮਤ ਕਰਨਾ ਸਹੀ ਨਹੀਂ ਹੈ। ਅਜਿਹਾ ਬਿਆਨ ਕੋਈ ਛੋਟਾ ਮੋਟਾ ਨੇਤਾ ਦੇਵੇ ਤਾਂ ਸਮਝ ਆਉਂਦੀ ਹੈ, ਪ੍ਰੰਤੂ ਪਾਰਟੀ ਪ੍ਰਧਾਨ ਨੂੰ ਹਟਾਉਣਾ ਇਸ ਤਰ੍ਹਾਂ ਸੋਚ ਤੋਂ ਉੱਪਰ ਉਠਣਾ ਪਵੇਗਾ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਾਰ ਅੰਤਿਮ ਨਹੀਂ ਹੈ। ਸਮਾਂ ਬਦਲਦਿਆਂ ਦੇਰ ਨਹੀਂ ਲਗਦੀ। ਦੋ ਸਾਲਾਂ ਬਾਅਦ ਲੋਕ ਸਭਾ ਦੀ ਚੋਣ ਆ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਲਈ ਕਾਰਗੁਜ਼ਾਰੀ ਦਿਖਾਉਣ ਦਾ ਇਹ ਵੱਡਾ ਮੌਕਾ ਹੋਵੇਗਾ। ਤਦ ਤੱਕ ਪੰਜਾਬ ਦੀ ਕਾਂਗਰਸ ਸਰਕਾਰ ਦਾ ਹਨੀਮੂਨ ਪੀਰਅਡ ਖਤਮ ਹੋ ਚੁੱਕਾ ਹੋਵੇਗਾ ਅਤੇ ਉਸ ਨੂੰ ਲੋਕਾਂ ਸਾਹਮਣੇ ਕਾਰਗੁਜ਼ਾਰੀ ਲਈ ਜਵਾਬਦੇਹੀ ਹੋਣਾ ਪਵੇਗਾ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦਿਲ ਛੋਟਾ ਨਹੀਂ ਕਰਨਾ ਚਾਹੀਦਾ। ਅਕਾਲੀ ਦਲ ਵਿਧਾਨ ਸਭਾ ਚੋਣਾਂ ਹਾਰਿਆ ਹੈ। ਸਿਆਸੀ ਲੜਾਈ ਨਹੀਂ ਹਾਰਿਆ। ਇਹ ਲੜਾਈ ਹਾਲੇ ਹੋਰ ਲੰਮੀ ਚੱਲਣੀ ਹੈ। ਇਸ ਲੜਾਈ ਵਿੱਚ ਨਾਇਕ ਕੋਣ ਹੋਵੇਗਾ ਇਸ ਦਾ ਫੈਸਲਾ ਵਕਤ ਨੇ ਕਰਨਾ ਹੈ। ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਿਛਲੀਆਂ ਗਲਤੀਆਂ ਤੋਂ ਸਿੱਖਣ ਤਾਂ ਉਹ ਜਲਦੀ ਹੀ ਇਸ ਸਿਆਸੀ ਭੰਵਰ ਵਿੱਚੋਂ ਪਾਰ ਜਾ ਸਕਦੇ ਹਨ। ਸ. ਸੁਖਬੀਰ ਸਿੰਘ ਬਾਦਲ ਜੀ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨੀ ਹੈ ਤਾਂ ਅਕਾਲੀ ਭਾਵਨਾ ਨੂੰ ਵੀ ਸਮਝਣਾ ਹੋਵੇਗਾ। ਅਕਾਲੀ ਦਲ ਕੋਲ ਸਮਰਥ ਅਤੇ ਕੁਰਬਾਨੀ ਕਰਨ ਵਾਲੇ ਵਰਕਰਾਂ ਦੀ ਕੋਈ ਕਮੀ ਨਹੀਂ ਹੈ। ਹਜ਼ਾਰਾਂ ਬਜ਼ੁਰਗ, ਨੌਜਵਾਨ ਅਤੇ ਬੀਬੀਆਂ ਪੰਥ ਦੀ ਚੜ੍ਹਦੀ ਕਲਾ ਲਈ ਹਰ ਵੇਲੇ ਕੁਰਬਾਨ ਹੋ ਜਾਣ ਲਈ ਤਿਆਰ ਹਨ, ਪਰ ਇਹ ਲੜਾਈ ਐਸਐਸਪੀ ਜਾਂ ਡੀਸੀ ਬਦਲਣ ਦੀ ਨਹੀਂ ਹੋਣੀ ਚਾਹੀਦੀ। ਇਹ ਲੜਾਈ ਹੈ ਪੰਜਾਬ ਨੂੰ ਇਨਸਾਫ ਲੈ ਕੇ ਦੇਣ ਦੀ। ਇਸ ਲੜਾਈ ਨੂੰ ਏਨਾ ਛੋਟਾ ਨਹੀਂ ਬਣਾਇਆ ਜਾਣਾ ਚਾਹੀਦਾ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪਾਰਟੀ ਪ੍ਰਧਾਨ ਵਜੋਂ ਸ. ਸੁਖਬੀਰ ਸਿੰਘ ਬਾਦਲ ਨੇ ਵੱਡੀਆਂ ਸਿਆਸੀ ਪ੍ਰਾਪਤੀਆਂ ’ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੀ ਅਗਵਾਈ ਹੇਠ ਹੀ ਪਹਿਲੀ ਵਾਰ ਲਗਾਤਾਰ ਪੰਜਾਬ ਵਿੱਚ 10 ਸਾਲ ਅਕਾਲੀ ਸਰਕਾਰ ਰਹੀ। ਉੱਪ ਮੁੱਖ ਮੰਤਰੀ ਹੁੰਦੇ ਹੋਏ ਉਨ੍ਹਾਂ ਨੇ ਪੰਜਾਬ ਦੇ ਵਿਕਾਸ ਲਈ ਵੱਡੇ-ਵੱਡੇ ਸੁਪਨੇ ਲਏ ਅਤੇ ਉਨ੍ਹਾਂ ਦੀ ਤਾਮੀਰ ਵੀ ਕੀਤੀ। ਇਸ ਭੱਜ ਦੌੜ ਵਿੱਚ ਉਨ੍ਹਾਂ ਦੀ ਸਿਹਤ ਅਤੇ ਪਰਿਵਾਰਕ ਜੀਵਨ ਦਾ ਵੀ ਭਾਰੀ ਨੁਕਸਾਨ ਹੋਇਆ। ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਕਾਲੀ ਦਲ ਦੀ ਸਰਕਾਰ ਨਾ ਹੋਣ ਦੇ ਬਾਵਜੂਦ ਸ. ਸੁਖਬੀਰ ਸਿੰਘ ਬਾਦਲ ਪੰਜਾਬੀਆਂ ਨੂੰ ਹਰ ਮੋੜ ’ਤੇ ਯਾਦ ਆਉਂਦੇ ਹਨ। ਉਨ੍ਹਾਂ ਦਾ ਪੰਜਾਬ ’ਚ ਆਧਾਰ ਢਾਂਚਾ ਤਿਆਰ ਕਰਨ ਵਿੱਚ ਵੱਡਾ ਯੋਗਦਾਨ ਹੈ। 6 ਮਾਰਗੀ ਸੜਕਾਂ, ਅਤੀ ਆਧੁਨਿਕ ਪੁਲ, ਬਿਜਲੀ ਪਲਾਂਟ ਅਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ ਦੀ ਵਿਰਾਸਤੀ ਦਿੱਖ ਕੁਝ ਅਜਿਹੇ ਕਾਰਜ ਹਨ ਜਿਨ੍ਹਾਂ ਲਈ ਉਹ ਹਮੇਸ਼ਾ ਯਾਦ ਰਹਿਣਗੇ। ਕਹਿਣ ਦਾ ਭਾਵ ਇਹ ਹੈ ਕਿ ਅਕਾਲੀ ਦਲ ਦੀਆਂ ਜੜ੍ਹਾਂ ਕਾਇਮ ਹਨ ਅਤੇ ਇਸ ਨੂੰ ਹਰਾ ਕਰਨ ਦੀ ਜ਼ਰੂਰਤ ਹੈ। ਇਸ ਲਈ ਢੁੱਕਵਾਂ ਸਮਾਂ ਛੇਤੀ ਹੀ ਆਉਣ ਵਾਲਾ ਹੈ। ਅਕਾਲੀ ਦਲ ਨੂੰ ਇਸ ਲਈ ਕਾਹਲੀ ਵੀ ਨਹੀਂ ਕਰਨੀ ਚਾਹੀਦੀ। ਹਾਲੇ ਕਾਂਗਰਸ ਨੂੰ ਕੰਮ ਕਰਨ ਦਾ ਵਕਤ ਦੇਣਾ ਚਾਹੀਦਾ ਹੈ। ਇਸ ਦੌਰਾਨ ਅਕਾਲੀ ਦਲ ਦੀ ਜੱਥੇਬੰਦਕ ਤਾਕਤ ਨੂੰ ਵਧਾਉਣ ਅਤੇ ਸਿਆਸੀ ਸੇਧ ਨੂੰ ਦਰੁਸਤ ਕਰਨ ਲਈ ਯਤਨ ਹੋਣੇ ਚਾਹੀਦੇ ਹਨ। ਅਕਾਲੀ ਦਲ ਨੂੰ ਕਾਂਗਰਸ ਦੀ ਅਸਫਲਤਾ ਵਿੱਚੋਂ ਰਾਜਨੀਤੀ ਕੱਢਣ ਦੀ ਗਲਤੀ ਨਹੀਂ ਕਰਨੀ ਚਾਹੀਦੀ। ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਦੀ ਸਰਕਾਰ ਅਕਾਲੀ ਆਗੂਆਂ ਖਿਲਾਫ ਹੋਰ ਤਕੜਾ ਹਮਲਾ ਬੋਲ ਸਕਦੀ ਹੈ। ਵਾਈਟ ਪੇਪਰ ਤੋਂ ਬਾਅਦ ਇਹ ਸਿਆਸੀ ਲੜਾਈ ਇੱਕ ਨਵਾਂ ਰੂਪ ਲਵੇਗੀ। ਸ਼੍ਰੋਮਣੀ ਅਕਾਲੀ ਦਲ ਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ। ਬੇਸ਼ੱਕ ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਨੂੰ ਵਿਧਾਨਕ ਵਿਰੋਧੀ ਧਿਰ ਦਾ ਦਰਜਾ ਮਿਲਿਆ ਹੈ, ਪ੍ਰੰਤੂ ਬੁਨਿਆਦੀ ਤੌਰ ’ਤੇ ਪੰਜਾਬ ਵਿੱਚ ਵਿਰੋਧੀ ਪਾਰਟੀ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਹੈ। ਪਾਰਟੀ ਨੂੰ ਇਸ ਭੂਮਿਕਾ ਲਈ ਤਿਆਰ ਕਰਨਾ ਸ. ਸੁਖਬੀਰ ਸਿੰਘ ਬਾਦਲ ਦੀ ਪਹਿਲੀ ਜ਼ਿੰਮੇਵਾਰੀ ਹੈ। ਆਮ ਆਦਮੀ ਪਾਰਟੀ ਵਿੱਚ ਕਾਂਗਰਸ ਦੇ ਵਿਰੋਧ ਦੀ ਉਹ ਸਮਰਥਾ ਨਹੀਂ ਹੈ ਜੋ ਸ਼੍ਰੋਮਣੀ ਅਕਾਲੀ ਦਲ ਕੋਲ ਹੈ। ਵਿਚਾਰਧਾਰਕ ਤੌਰ ’ਤੇ ਵੀ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਆਵਾਮ ਦੀ ਅਸਲ ਨੁਮਾਇੰਦਾ ਪਾਰਟੀ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਸ. ਸੁਖਬੀਰ ਸਿੰਘ ਬਾਦਲ ਨੂੰ ਤਿਆਰ ਹੋਣਾ ਚਾਹੀਦਾ ਹੈ। ਇਹ ਲੜਾਈ ਹੁਣ ਉਨ੍ਹਾਂ ਨੂੰ ਆਪਣੇ ਦਮ ਉੱਪਰ ਹੀ ਲੜਣੀ ਹੋਵੇਗੀ, ਕਿਉਂਕਿ ਸ. ਪ੍ਰਕਾਸ਼ ਸਿੰਘ ਬਾਦਲ ਹੁਣ ਸਰੀਰਕ ਤੌਰ ’ਤੇ ਇਸ ਲੜਾਈ ਦੀ ਅਗਵਾਈ ਕਰਨ ਦੀ ਸਮਰਥਾ ਨਹੀਂ ਰੱਖਦੇ। ਹਾਂ ਉਨ੍ਹਾਂ ਦੇ ਮਾਨ ਸਨਮਾਨ ਨੂੰ ਕਾਇਮ ਰੱਖਣ ਲਈ ਸ. ਸੁਖਬੀਰ ਸਿੰਘ ਬਾਦਲ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਨੂੰ ਘਟਾ ਕੇ ਨਾ ਦੇਖੋ



