‘ਆਪ’ ਦੇ ਵਿਧਾਇਕਾਂ ਤੇ ਬੈਂਸ ਭਰਾਵਾਂ ਵੱਲੋਂ ਰੌਲਾ ਰੱਪਾ ਅਤੇ ਵਾਕ ਆਊਟ
ਚੰਡੀਗੜ੍ਹ, 27 ਮਾਰਚ- ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਸ੍ਰੀ ਰਾਣਾ ਕੰਵਰਪਾਲ ਸਿੰਘ ਸੋਮਵਾਰ ਨੂੰ ਇੱਥੇ 15ਵੀਂ ਵਿਧਾਨ ਸਭਾ ਦੇ ਸਰਬ ਸੰਮਤੀ ਨਾਲ ਸਪੀਕਰ ਚੁਣੇ ਗਏ। ਸਪੀਕਰ ਦੇ ਅਹੁਦੇ ਲਈ ਸ੍ਰੀ ਰਾਣਾ ਦਾ ਨਾਂਅ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੇਸ਼ ਕੀਤਾ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਇਸ ਦੀ ਤਾਇਦ ਕੀਤੀ। ਸਪੀਕਰ ਦੀ ਚੋਣ ਪ੍ਰਕਿਰਿਆ ਦੌਰਾਨ ਬੇਸ਼ੱਕ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਲੋਕ ਇਨਸਾਫ ਪਾਰਟੀ ਦੇ ਦੋ ਵਿਧਾਇਕਾਂ ਬੈਂਸ ਭਰਾਵਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਸਦਨ ’ਚੋਂ ਵਾਕਆਊਟ ਕੀਤਾ। ਉਹ ਸਦਨ ਵਿੱਚ ਬਹਿਸ ਦੀ ਮੰਗ ਕਰ ਰਹੇ ਸਨ। ਬਾਅਦ ਵਿੱਚ ਕਾਂਗਰਸੀ ਅਤੇ ਅਕਾਲੀ ਵਿਧਾਇਕਾਂ ਦੇ ਸਮਰਥਨ ਨਾਲ ਸ੍ਰੀ ਰਾਣਾ ਸਰਬ ਸੰਮਤੀ ਨਾਲ ਬਿਨਾ ਵਿਰੋਧ ਸਪੀਕਰ ਚੁਣੇ ਗਏ। ਉਨ੍ਹਾਂ ਦੇ ਸਪੀਕਰ ਚੁਣੇ ਜਾਣ ’ਤੇ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ, ਸਦਨ ਵਿੱਚ ਅਕਾਲੀ ਵਿਧਾਇਕ ਦਲ ਦੇ ਡਿਪਟੀ ਲੀਡਰ ਜੱਥੇਦਾਰ ਅਜੀਤ ਸਿੰਘ ਕੋਹਾੜ ਅਤੇ ਭਾਜਪਾ ਵਿਧਾਇਕ ਸ੍ਰੀ ਦਿਨੇਸ਼ ਸਿੰਘ ਬੱਬੂ ਨੇ ਨਵੇਂ ਸਪੀਕਰ ਨੂੰ ਵਧਾਈ ਦਿੱਤੀ। ਆਪਣੇ ਭਾਸ਼ਣ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਸਾਰੇ ਵਿਧਾਇਕ ਨਵੇਂ ਚੁਣੇ ਸਪੀਕਰ ਨੂੰ ਹਾਊਸ ਦਾ ਕੰਮਕਾਜ ਚਲਾਉਣ ਲਈ ਪੂਰਾ ਸਹਿਯੋਗ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਰਾਣਾ ਬਹੁਤ ਹੀ ਸਮਰਥ ਆਗੂ ਹਨ ਅਤੇ ਉਹ ਸਪੀਕਰ ਵਜੋਂ ਵੀ ਪੂਰੀ ਤਰ੍ਹਾਂ ਸਫਲ ਹੋਣਗੇ। ਜੱਥੇਦਾਰ ਕੋਹਾੜ ਨੇ ਕਿਹਾ ਕਿ ਸ੍ਰੀ ਰਾਣਾ ਤਜ਼ੁਰਬੇਕਾਰ ਵਿਧਾਇਕ ਹੋਣ ਕਾਰਨ ਹਾਊਸ ਦੇ ਨਿਯਮਾਂ ਤੋਂ ਭਲੀ ਭਾਂਤ ਜਾਣੂ ਹਨ। ਭਾਜਪਾ ਵਿਧਾਇਕ ਸ੍ਰੀ ਸੋਮ ਪ੍ਰਕਾਸ਼ ਨੇ ਸਪੀਕਰ ਨੂੰ ਆਪਣੀ ਪਾਰਟੀ ਦੀ ਤਰਫੋਂ ਪੂਰੀ ਹਮਾਇਤ ਦਾ ਭਰੋਸਾ ਦਿੱਤਾ। ਸੂਬੇ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਸ੍ਰੀ ਰਾਣਾ ਦੀ ਸਰਬ ਸੰਮਤੀ ਨਾਲ ਸਪੀਕਰ ਵਜੋਂ ਚੋਣ ਦੀ ਸ਼ਲਾਘਾ ਕੀਤੀ। ਇੱਥੇ ਜ਼ਿਕਰਯੋਗ ਹੈ ਕਿ ਸ੍ਰੀ ਰਾਣਾ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਹਨ ਅਤੇ ਉਹ ਤੀਜੀ ਵਾਰ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਬਣੇ ਹਨ। ਉਨ੍ਹਾਂ ਨੇ ਭਾਜਪਾ ਆਗੂ ਪਰਮਿੰਦਰ ਸ਼ਰਮਾ ਨੂੰ 23881 ਵੋਟਾਂ ਨਾਲ ਹਰਾਇਆ ਹੈ। ਦੇਹਰਾਦੂਨ ਯੂਨੀਵਰਸਿਟੀ ਦੇ ਲਾਅ ਗਰੈਜੂਏਟ ਸ੍ਰੀ ਰਾਣਾ ਸਾਫ ਸੁਥਰੀ ਸ਼ਖਸੀਅਤ ਦੇ ਮਾਲਕ ਹਨ।
ਰਾਣਾ ਕੇਪੀ ਸਿੰਘ 15ਵੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਚੁਣੇ



