ਬਰਨਾਲਾ, 25 ਮਾਰਚ (ਨਿਰਮਲ ਸਿੰਘ ਪੰਡੋਰੀ)- ਸਿਆਸਤ ਵਿੱਚ ਵਿਚਰਦਿਆਂ ਸ਼ਬਦਾਂ ਨੂੰ ਤੋਲ ਕੇ ਬੋਲਣ ਵਾਲੇ ਅਤੇ ਸਿਆਣੇ ਮੰਨੇ ਜਾਣ ਵਾਲੇ ਅਕਾਲੀ ਆਗੂ ਭੋਲਾ ਸਿੰਘ ਵਿਰਕ ਦੇ ਸਿਰ ਸ਼ਨੀਵਾਰ ਦੀ ਸਵੇਰ ਚੜਦੇ ਹੀ ਸਰਦਾਰੀ ਦਾ ਇੱਕ ਹੋਰ ਤਾਜ ਸਜ ਗਿਆ। ਅਜੇ ਕੁਝ ਦਿਨ ਪਹਿਲਾਂ ਹੀ ਸ. ਵਿਰਕ ਨੇ ਮਾਰਕੀਟ ਕਮੇਟੀ ਦੀ ਚੇਅਰਮੈਨੀ ਤੋਂ ਅਸਤੀਫਾ ਦਿੱਤਾ ਸੀ ਕਿ ਅੱਜ ਭਦੌੜ ਟਰੱਕ ਯੂਨੀਅਨ ਦੇ ਵੱਡੀ ਗਿਣਤੀ ਵਿੱਚ ਓਪਰੇਟਰਾਂ ਨੇ ਸਥਾਨਕ ਵਿਰਕ ਕੰਪਲੈਕਸ ਪਹੁੰਚ ਕੇ ਭੋਲਾ ਸਿੰਘ ਵਿਰਕ ਨੂੰ ਟਰੱਕ ਯੂਨੀਅਨ ਭਦੌੜ ਦਾ ਪ੍ਰਧਾਨ ਚੁਨਣ ਦੀ ਇੱਛਾ ਜਤਾਈ,ਜਿਵੇਂ ਹੀ ਵਿਰਕ ਨੇ ਓਪਰੇਟਰਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਸਹਿਮਤੀ ਦਿੱਤੀ ਤਾਂ ਸਾਰੇ ਓਪਰੇਟਰਾਂ ਨੇ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਸਾਹਿਬ ਵਿਖੇ ਸਹੁੰ ਚੁੱਕ ਕੇ ਵਿਰਕ ਨੂੰ ਪ੍ਰਧਾਨ ਮੰਨਿਆ ਅਤੇ ਟਰੱਕ ਯੂਨੀਅਨ ਸ਼ਹਿਣਾ- ਭਦੌੜ ਦੀ ਚੜਦੀ ਕਲਾ ਲਈ ਅਰਦਾਸ ਕੀਤੀ। ਇਸਤੋ ਬਾਅਦ ਯੂਨੀਅਨ ਪੁੱਜੇ ਸ. ਵਿਰਕ ਦਾ ਓਪਰੇਟਰਾਂ ਨੇ ਫੁੱਲਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਅਤੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਵੀ ਕੀਤਾ। ਜਾਣਕਾਰੀ ਅਨੁਸਾਰ 447 ਟਰੱਕ ਚਾਲਕਾਂ-ਮਾਲਕਾਂ ਵਿੱਚੋਂ 430 ਦੇ ਕਰੀਬ ਨੇ ਵਿਰਕ ਨੂੰ ਆਪਣਾ ਪ੍ਰਧਾਨ ਮੰਨ ਲਿਆ ਹੈ। ਵਰਨਣਯੋਗ ਹੈ ਕਿ ਸ. ਵਿਰਕ ਸੁਲਝੇ ਹੋਏ ਸਿਆਸਤਦਾਨ ਹੋਣ ਦੇ ਨਾਲ ਨਾਲ ਇੱਕ ਸਫਲ ਟਰਾਂਸਪੋਰਟਰ ਦੇ ਤੌਰ ’ਤੇ ਜਾਣੇ ਜਾਂਦੇ ਹਨ। ਭੋਲਾ ਸਿੰਘ ਵਿਰਕ ਦੇ ਸਿਰ ਤੀਜੀ ਵਾਰ ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਤਾਜ ਸਜਿਆ ਹੈ। ਇਸ ਤੋਂ ਪਹਿਲਾਂ ਵੀ 1988 ਤੋਂ 92 ਅਤੇ ਫਿਰ 2002-2007 ਤੱਕ ਵਿਰਕ ਯੂਨੀਅਨ ਦੇ ਪ੍ਰਧਾਨ ਰਹੇ ਹਨ ਅਤੇ ਉਨ੍ਹਾਂ ਦਾ ਕਾਰਜਕਾਲ ਯਾਦ ਰੱਖਣਯੋਗ ਹੈ। ਇਸ ਵਾਰ ਵੀ ਯੂਨੀਅਨ ਦਾ ਪ੍ਰਧਾਨਗੀ ਪਦ ਸੰਭਾਲਦੇ ਹੀ ਵਿਰਕ ਨੇ ਟਰੱਕ ਓਪਰੇਟਰਾਂ ਦੀ ਪੁਰਾਣੀ ਮੰਗ ਅਨੁਸਾਰ ਯੂਨੀਅਨ ਦੇ ਮੁਨਸ਼ੀ ਬਦਲੇ ਅਤੇ ਪਰਚੀ ਫੰਡ ਸਿਸਟਮ ਵੀ ਬੰਦ ਕਰ ਦਿੱਤਾ। ਛੋਟੇ ਟਰੱਕ ਓਪਰੇਟਰਾਂ ਨੂੰ ਵੱਡੀ ਸਹੂਲਤ ਦਿੰਦੇ ਹੋਏ ਵਿਰਕ ਨੇ ਯੂਨੀਅਨ ਦੇ ਖਤਾੇ ਵਿੱਚੋਂ ਡੀਜ਼ਲ ਦੇਣ ਦਾ ਐਲਾਨ ਵੀ ਕੀਤਾ ਜਿਸਦਾ ਹਿਸਾਬ ਕਿਤਾਬ ਗੱਲੇ ਦੀ ਰਕਮ ਵਿੱਚੋਂ ਕੀਤਾ ਜਾਵੇਗਾ। ਵਿਰਕ ਨੇ ਪੱਖੋ ਕੈਂਚੀਆਂ ਇੰਡਸਟਰੀ ਲੋਡ ਹੋਣ ਵਾਲੇ ਮਾਲ ਨੂੰ ਵੀਟਰੱਕ ਯੂਨੀਅਨ ਵੱਲੋਂ ਲੋਡ ਕਰਨ ਦਾ ਆਦੇਸ਼ ਦਿੱਤਾ। ਇਸ ਮੌਕੇ ਕੌਰ ਸਿੰਘ ਟੱਲੇਵਾਲ, ਦਰਸ਼ਨ ਸਿੰਘ ਬਖਤਗੜ, ਭੂਸ਼ਣ ਕੁਮਾਰ ਭਦੌੜ, ਜਗਦੇਵ ਜੱਗੀ ਨੈਣੇਵਾਲ, ਜਥੇਦਾਰ ਹਰਦੀਪ ਸਿੰਘ, ਬਲਵੀਰ ਸਿੰਘ ਜਾਗਲ, ਸਰਪੰਚ ਗੁਰਜੰਟ ਸਿੰਘ, ਜਸਵੀਰ ਸਿੰਘ ਧੰਮੀ, ਨਿਰਮਲ ਸਿੰਘ ਨਿੰਮਾ, ਗਗਨਦੀਪ ਗੱਗੀ, ਗੁਰਮੇਲ ਸਿੰਘ ਗੋਸਲ, ਪਾਲ ਸਿੰਘ ਢੁੱਡੀਕੇ ਸਮੇਤ ਸੈਂਕੜੇ ਟਰੱਕ ਓਪਰੇਟਰ ਹਾਜ਼ਰ ਸਨ।
ਟਰੱਕ ਯੂਨੀਅਨ ਸਹਿਣਾ ਭਦੌੜ ਦੀ ਪ੍ਰਧਾਨਗੀ ਦਾ ਤਾਜ ਸ. ਵਿਰਕ ਦੇ ਸਿਰ ਸਜਿਆ



