Skip to content
Independent perspectives. Global stories.
BREAKING

15ਵੀਂ ਪੰਜਾਬ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ

Share this story

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੰਤਰੀਆਂ ਅਤੇ ਵਿਧਾਇਕਾਂ ਨੇ ਚੁੱਕੀ ਸਹੁੰ

imageਚੰਡੀਗੜ੍ਹ, 24 ਮਾਰਚ – 15ਵੀਂ  ਪੰਜਾਬ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸ਼ੁੱਕਰਵਾਰ ਨੂੰ ਦੁਪਹਿਰ ਬਾਅਦ ਸ਼ੁਰੂ ਹੋ ਗਿਆ। ਇਸ ਮੌਕੇ ’ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਹਾਜ਼ਰ ਨਹੀਂ ਸਨ। ਆਮ ਆਦਮੀ ਪਾਰਟੀ ਦੇ ਸਿਰਫ 6 ਅਤੇ ਭਾਰਤੀ ਜਨਤਾ ਪਾਰਟੀ ਦੇ 2 ਵਿਧਾਇਕ ਹੀ ਸਦਨ ਵਿੱਚ ਹਾਜ਼ਰ ਸਨ। ਸਮਾਗਮ ਸ਼ੁਰੂ ਹੋਣ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਸਿਰਫ ਇੱਕ ਵਿਧਾਇਕ ਸ੍ਰੀ ਐਨ.ਕੇ. ਸ਼ਰਮਾ ਹੀ ਹਾਜ਼ਰ ਸੀ। ਬਾਅਦ ਵਿੱਚ ਸ ਬਿਕਰਮ ਸਿੰਘ ਮਜੀਠੀਆ, ਸ. ਗੁਰਪ੍ਰਤਾਪ ਸਿੰਘ ਵਡਾਲਾ ਅਤੇ ਅਜੀਤ ਸਿੰਘ ਕੋਹਾੜ ਸਮੇਤ 5 ਵਿਧਾਇਕ ਪਹੁੰਚ ਗਏ।  ਦੋਵੇਂ ਬੈਂਸ ਭਰਾ ਸਿਮਰਜੀਤ ਸਿੰਘ ਅਤੇ ਬਲਵਿੰਦਰ ਸਿੰਘ ਵੀ ਹਾਜ਼ਰ ਸਨ। ਸ. ਮਜੀਠੀਆ ਅਤੇ ਕੈਪਟਨ ਇੱਕ ਦੂਜੇ ਨੂੰ ਹੱਥ ਮਿਲਾ ਕੇ ਮਿਲੇ। ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕੈਪਟਨ ਅਤੇ ਸ੍ਰੀ ਫੂਲਕਾ ਨੂੰ ਵਧਾਈ ਦਿੱਤੀ। ਪਹਿਲੀ ਵਾਰ ਵਿਧਾਇਕ ਬਣਨ ਵਾਲੇ ਨੇਤਾਵਾਂ ਦੇ ਪਰਿਵਾਰ ਬਹੁਤ ਖੁਸ਼ੀ ਅਤੇ ਹੁਲਾਸ ’ਚ ਸਨ। ਸਾਰੇ ਕਾਂਗਰਸੀ ਵਿਧਾਇਕਾਂ ਨੇ ਇਸ ਮੌਕੇ  ’ਤੇ ਮੁੱਖ ਮੰਤਰੀ ਤੋਂ ਆਸ਼ੀਰਵਾਦ ਲਿਆ। ਸਦਨ ਵਿੱਚ ਵਿਧਾਇਕਾਂ ਸਮਾਗਮ ਦੇ ਪਹਿਲੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਥੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਹੁੰ ਚੁਕਾਈ ਗਈ। ਸਭ ਤੋਂ ਪਹਿਲਾਂ ਮੁੱਖ ਮੰਤਰੀ ਨੇ ਸਹੁੰ ਚੁੱਕੀ। ਸਹੁੰ ਚੁੱਕਣ ਤੋਂ ਕੁਝ ਸਮਾਂ ਬਾਅਦ ਹੀ ਉਹ ਸਦਨ ’ਚੋਂ ਚਲੇ ਗਏ। ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਸਹੁੰ ਚੁੱਕਣ ਤੋਂ ਪਹਿਲਾਂ ਸਾਰਿਆਂ ਨੂੰ ਵਧਾਈ ਦਿੱਤੀ। ਸ਼੍ਰੋਮਣੀ ਅਕਾਲੀ ਦਲ ਦੇ ਡਿਪਟੀ ਆਗੂ ਸ. ਅਜੀਤ ਸਿੰਘ ਕੋਹਾੜ ਨੇ ਸਾਰੇ ਕਾਂਗਰਸੀ ਅਤੇ ‘ਆਪ’ ਵਿਧਾਇਕਾਂ ਨੂੰ ਵੀ ਵਧਾਈ ਦਿੱਤੀ। ਖਡੂਰ ਸਾਹਿਬ ਤੋਂ ਕਾਂਗਰਸੀ ਵਿਧਆਇਕ ਰਮਨਜੀਤ ਸਿੰਘ ਸਿੱਕੀ ਨੇ ਅੰਗਰੇਜ਼ੀ ਵਿੱਚ ਸਹੁੰ ਚੁੱਕੀ। ਸਦਨ ਵਿੱਚ ਸ੍ਰੀ ਨਵਜੋਤ ਸਿੱਧੂ ਅਤੇ ਸਿਮਰਜੀਤ ਬੈਂਸ ਇੱਕ ਦੂਜੇ ਨੂੰ ਜੱਫੀ ਪਾ ਕੇ ਮਿਲੇ। ਸਦਨ ਵਿੱਚ ਦਰਸ਼ਕਾਂ ਅਤੇ ਹੋਰ ਅਹਿਮ ਸ਼ਖਸੀਅਤਾਂ ਦੀ ਭਾਰੀ ਭੀੜ ਸੀ। ਦੋ ਦਿਨਾਂ ਦੀ ਛੁੱਟੀ ਤੋਂ ਬਾਅਦ ਹੁਣ ਸਭਾ ਸੋਮਵਾਰ ਨੂੰ ਜੁੜੇਗੀ ਅਤੇ ਇਸ ਦੌਰਾਨ ਬਾਕੀ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਮੰਗਲਵਾਰ ਨੂੰ ਪੰਜਾਬ ਦੇ ਰਾਜਪਾਲ ਸ੍ਰੀ ਵੀਪੀ ਬਦਨੋਰ ਸਦਨ ਨੂੰ ਸੰਬੋਧਨ ਕਰਨਗੇ। ਬੁੱਧਵਾਰ ਨੂੰ ਧੰਨਵਾਦ ਦੇ ਮਤੇ ਉੱਪਰ ਚਰਚਾ ਹੋਵੇਗੀ।

WRITTEN BY