ਅਧਿਕਾਰੀਆਂ ਨੂੰ 15 ਦਿਨਾਂ ’ਚ ਜਾਇਦਾਦ ਦੇ ਵੇਰਵੇ ਦੇਣ ਦੇ ਆਦੇਸ਼
ਲਖਨਊ, 20 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਉੱਤਰ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਸ੍ਰੀ ਯੋਗੀ ਅਦਿੱਤਿਆ ਨਾਥ ਨੇ ਸਹੁੰ ਚੁੱਕਣ ਤੋਂ ਫੋਰੀ ਬਾਅਦ ਐਕਸ਼ਨ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਨੂੰ ਆਪਣੇ ਕਾਰਜਕਾਲ ਦੇ ਪਹਿਲੇ ਹੀ ਦਿਨ ਉਨ੍ਹਾਂ ਨੇ ਅਧਿਕਾਰੀਆਂ ਨੂੰ 15 ਦਿਨਾਂ ਦੇ ਅੰਦਰ ਆਪਣੀਆਂ ਜਾਇਦਾਦਾਂ ਦੇ ਵੇਰਵੇ ਦੇਣ ਲਈ ਕਿਹਾ ਹੈ। ਇਸੇ ਤਰ੍ਹਾਂ ਨੌਕਰੀਆਂ ’ਚ ਸਿਰਫ ਮੈਰਿਟ ਦੇ ਆਧਾਰ ’ਤੇ ਭਰਤੀਆਂ ਕਰਨ ਦਾ ਹੁਕਮ ਦਿੱਤਾ ਹੈ। ਸਰਕਾਰ ਦੇ ਬਣਦਿਆਂ ਹੀ ਬੁੱਚੜਖਾਨਿਆਂ ਨੂੰ ਬੰਦ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਐਤਵਾਰ ਦੀ ਰਾਤ ਨੂੰ ਅਲਾਹਾਬਾਦ ਦੇ ਅਟਾਲੇ ਖੇਤਰ ਵਿੱਚ ਤਿੰਨ ਬੁੱਚੜਖਾਨਿਆਂ ’ਤੇ ਤਾਲੇ ਲਗਾ ਦਿੱਤੇ ਗਏ। ਹਾਲਾਂ ਕਿ ਇਨ੍ਹਾਂ ਬੁੱਚੜਖਾਨਿਆਂ ਦੇ ਬੰਦ ਹੋਣ ਨਾਲ ਸੈਂਕੜੇ ਲੋਕਾਂ ਲਈ ਰੋਜ਼ੀ ਰੋਟੀ ਦਾ ਸੰਕਟ ਖੜਾ ਹੋ ਗਿਆ ਹੈ। ਦੂਸਰੇ ਪਾਸੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਤਿੰਨੇ ਬੁੱਚੜਖਾਨੇ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਸਨ। ਪਰ ਸਵਾਰ ਇਹ ਉਠਦਾ ਹੈ ਕਿ ਜੇਕਰ ਇਹ ਪਹਿਲਾਂ ਬੰਦ ਸਨ ਤਾਂ ਨਵੀਂ ਸਰਕਾਰ ਦੇ ਆਉਣ ਉੱਪਰ ਤਾਲੇ ਕਿਉਂ ਲਾਏ ਗਏ।
ਯੋਗੀ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਲੋਕ ਸੰਕਲਪ ਦੇ ਹਿਸਾਬ ਨਾਲ ਯੋਜਨਾਵਾਂ ਬਣਾਉਣ। ਮੌਕੇ ਉੱਪਰ ਉਨ੍ਹਾਂ ਨੇ ਸਵੱਛਤਾ ਲਈ ਸਾਰੇ ਅਫਸਰਾਂ ਨੂੰ ਸਹੁੰ ਚੁਕਾਈ। ਯੋਗੀ ਨੇ ਰਾਜ ਵਿੱਚ ਨਿਵੇਸ਼ ਵਧਾਉਣ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਉਦਯੋਗਿਕ ਵਿਕਾਸ ਨੀਤੀ ਨੂੰ ਬਿਹਤਰ ਬਣਾਇਆ ਜਾਵੇਗਾ। ਤਹਿਸੀਲ ਅਤੇ ਥਾਣਿਆਂ ਵਿੱਚ ਕਿਸੇ ਤਰ੍ਹਾਂ ਦਾ ਰਾਜਸੀ ਦਬਾਅ ਨਹੀਂ ਹੋਣਾ ਚਾਹੀਦਾ।
ਉੱਤਰ ਪ੍ਰਦੇਸ਼ ’ਚ ਯੋਗੀ ਦੀ ਸਰਕਾਰ ਵੱਲੋਂ ਤਿੰਨ ਬੁੱਚੜਖਾਨੇ ਬੰਦ ਕਰਨ ਦੇ ਆਦੇਸ਼



