Skip to content
Independent perspectives. Global stories.
BREAKING

ਕੋਟ ਫੱਤਾ ਬਲੀ ਕਾਂਡ ਦੇ ਮੁੱਖ ਦੋਸ਼ੀ ਵੱਲੋਂ ਪੁਲਿਸ ਕਰ ਰਹੀ ਹੈ ਕਿਨਾਰਾ

Share this story

image ਤਲਵੰਡੀ ਸਾਬੋ, 17 ਮਾਰਚ (ਰਾਮ ਰੇਸ਼ਮ ਨਥੇਹਾ)- ਇੱਕ ਤਾਂਤਰਿਕ ਵੱਲੋਂ ਦਿੱਤੇ ਲੱਡੂ ਅਤੇ ਹੋਰ ਵਸਤੂਆਂ ਖਾਣ ਪਿੱਛੋਂ ਆਪਣੇ ਹੋਸ਼ ਹਵਾਸ਼ ਖੋਣ ਕਾਰਨ ਬਲੀ ਦੇ ਨਾਮ ‘ਤੇ ਦੋ ਬੱਚਿਆਂ ਨੂੰ ਕਤਲ ਕਰਨ ਵਾਲੇ ਬੱਚਿਆਂ ਦੇ ਪਿਤਾ ਅਤੇ ਦਾਦੀ ਨੂੰ ਭਾਵੇਂ ਥਾਣਾ ਕੋਟ ਫੱਤਾ ਦੀ ਪੁਲਿਸ ਨੇ ਗ੍ਰਿਫਤਾਰ ਕਰਕੇ ਅਦਾਲਤ ਰਾਹੀਂ ਜੇਲ੍ਹ ਭੇਜ ਦਿੱਤਾ ਹੈ ਪ੍ਰੰਤੂ ਆਪਣੀ ਅਖੌਤੀ ਤਾਂਤਰਿਕ ਵਿੱਦਿਆ ਦਾ ਝਾਂਸਾ ਦੇ ਕੇ ਇਹਨਾਂ ਮਾਸੂਮਾਂ ਦਾ ਕਤਲ ਕਰਵਾਉਣ ਦਾ ਮੁੱਖ ਦੋਸ਼ੀ ਸਮਝੇ ਜਾ ਰਹੇ ਹਨ। ਤਾਂਤਰਿਕ ਲੱਖੀ ਬਾਬਾ ਵਾਸੀ ਕਾਲਾਂਵਾਲੀ ਜ਼ਿਲ੍ਹਾ ਸਿਰਸਾ ਹਰਿਆਣਾ ਤੱਕ ਪਹੁੰਚਣਾ ਪੁਲਿਸ ਜ਼ਰੂਰੀ ਨਹੀਂ ਸਮਝ ਰਹੀ ਜਿਸ ਕਾਰਨ ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕੁੱਝ ਆਗੂਆਂ ਨੇ ਐੱਸ ਡੀ ਐੱਮ ਤਲਵੰਡੀ ਸਾਬੋ ਨੂੰ ਇੱਕ ਮੰਗ ਪੱਤਰ ਦੇ ਕੇ ਸਰਕਾਰ ਤੋਂ ਜਿੱਥੇ ਉਕਤ ਮੰਦਭਾਗੀ ਘਟਨਾ ਵਿੱਚ ਸ਼ੁਰੂਆਤੀ ਅਤੇ ਕਥਿਤ ਮੁੱਖ ਭੂਮਿਕਾ ਨਿਭਾਉਣ ਦੇ ਦੋਸ਼ੀ ਤਾਂਤਰਿਕ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਉੱਥੇ ਅਜਿਹੇ ਹੋਰ ਪਾਖੰਡੀ ਤਾਂਤਰਿਕਾਂ ਦੀਆਂ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਇੱਕ ਵੱਖਰਾ ਸਖਤ ਕਾਨੂੰਨ ਬਣ ਕੇ ਲੱਗੂ ਕਰਨ ਦੀ ਮੰਗ ਕੀਤੀ ਹੈ। ਬਲੀ ਦੇਣ ਦੇ ਨਾਮ ‘ਤੇ ਤਸੀਹੇ ਦੇ ਕੇ ਕਤਲ ਕੀਤੇ ਗਏ ਬੱਚੇ ਰਣਜੋਧ ਸਿੰਘ (5 ਸਾਲ) ਅਤੇ ਅਨਾਮਿਕਾ (3 ਸਾਲ) ਦੇ ਦਾਦਾ ਸ. ਮੁਖਤਿਆਰ ਸਿੰਘ ਨੇ ਅੱਜ ਪਿੰਡ ਕੋਟ ਫੱਤਾ ਉਹਨਾਂ ਦੇ ਗਰ ਪਹੁੰਚੇ ਮੀਡੀਆ ਨੂੰ ਦੁਖੀ ਮਨ ਨਾਲ ਦੱਸਿਆ ਕਿ ਉਕਤ ਤਾਂਤਰਿਕ ਲੱਖੀ ਬਾਬਾ ਦੇ ਚੁੰਗਲ ‘ਚ ਫਸੀ ਉਸ ਦੀ ਪਤਨੀ ਨਿਰਮਲ ਕੌਰ, ਬੇਟਾ ਕੁਲਵਿੰਦਰ ਕੌਰ ਅਤੇ ਉਸਦੀਆਂ ਦੋ ਬੇਟੀਆਂ ਇਹ ਘਟਨਾ ਵਾਪਰਨ ਤੋਂ ਚਾਰ ਪੰਜ ਦਿਨ ਪਹਿਲਾਂ ਉਕਤ ਲੱਖੀ ਬਾਬੇ ਕੋਲ ਗਏ ਜਿਸ ਨੇ ਇਹਨਾਂ ਨੂੰ ਖਾਣ ਲਈ ਲੱਡੂ, ਮਿਸ਼ਰੀ, ਰਾਖ ਅਤੇ ਇੱਕ ਸ਼ੀਸ਼ੀ ਵਿੱਚ ਕੁੱਝ ਪੀਣ ਲਈ ਦਿੱਤਾ। ਮੁਖਤਿਆਰ ਸਿੰਘ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਉਸਨੂੰ ਕੋਈ ਹੋਸ਼ ਨਾ ਰਹੀ ਅਤੇ ਪੁਲਿਸ ਨੇ ਉਸਦੇ ਭਰਾ ਲਾਭ ਸਿੰਘ ਵੱਲੋਂ ਦਿੱਤੀ ਅਧੂਰੀ ਜਾਣਕਾਰੀ ਵਾਲੇ ਬਿਆਨਾਂ ਨੂੰ ਅਦਾਰ ਬਣਾ ਕੇ ਹੀ ਪਰਚਾ ਦਰਜ਼ ਕਰ ਦਿੱਤਾ ਸੀ ਪ੍ਰੰਤੂ ਅਗਲੇ ਦਿਨ ਉਹ ਪੁਲਿਸ ਥਾਣਾ ਕੋਟ ਫੱਤਾ ਵਿੱਚ ਤਾਇਨਾਤ ਥਾਣੇਦਾਰ ਦਰਸ਼ਨ ਸਿੰਘ ਨੂੰ ਆਪਣੇ ਬਿਆਨ ਲਿਖਵਾ ਕੇ ਆਇਆ ਸੀ ਜਿਸ ਵਿੱਚ ਮੁਖਤਿਆਰ ਸਿੰਘ ਦੇ ਦੱਸਣ ਮੁਤਾਬਿਕ ਉਸਨੇ ਉਕਤ ਲੱਖੀ ਬਾਬਾ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਅਤੇ ਕਾਤਿਲ ਵਜੋਂ ਗ੍ਰਿਫਤਾਰ ਕਰਨ ਦੀ ਮੰਗ ਕਰਨ ਦੇ ਨਾਲ-ਨਾਲ ਉਕਤ ਚੇਲੇ ਵੱਲੋਂ ਦਿੱਤੇ ਖਾਦ ਪਦਾਰਥਾਂ ਦੀ ਲਿਬਾਰਟਰੀ ਜਾਂਚ ਦੀ ਮੰਗ ਕੀਤੀ ਸੀ।
ਮੁਖਤਿਆਰ ਸਿੰਘ ਨੇ ਮੀਡੀਆ ਨਾਲ ਪਹੁੰਚੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸ੍ਰੀ ਮੇਵਾ ਸਿੰਘ ਸੰਗਤ ਪ੍ਰਧਾਨ ਤਲਵੰਡੀ ਸਾਬੋ, ਸ੍ਰੀ ਕ੍ਰਿਸ਼ਨ ਸਿੰਘ ਗੁਰੂਸਰੀਆ ਦੀ ਮੌਜੂਦਗੀ ਵਿੱਚ ਦੋਸ਼ ਲਾਉਂਦਿਆ ਕਿਹਾ ਕਿ ਉਕਤ ਸਾਰੀ ਜਾਣਕਾਰੀ ਦੇਣ ਦੇ ਬਾਵਜੂਦ ਵੀ ਪੁਲਿਸ ਨੇ ਅਜੇ ਤੱਕ ਉਕਤ ਚੇਲੇ ਵੱਲੋਂ ਦਿੱਤੀਆਂ ਚੀਜਾਂ ਦੀ ਲਿਬਾਰਟਰੀ ਜਾਂਚ ਕਰਵਾਉਣਾ ਜਰੂਰੀ ਨਹੀਂ ਸਮਝਿਆ।
ਓਧਰ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈਂਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸ੍ਰੀ ਬਲਰਾਜ ਸਿੰਘ ਮੌੜ ਮੰਡੀ ਮੀਡੀਆ ਇੰਚਾਰਜ, ਹਰਨੇਕ ਸਿੰਘ ਪ੍ਰਧਾਨ ਮੌੜ ਮੰਡੀ ਇਕਾਈ, ਮੇਵਾ ਸਿੰਘ ਸੰਗਤ ਪ੍ਰਧਾਨ ਤਲਵੰਡੀ ਸਾਬੋ ਇਕਾਈ, ਦਰਸ਼ਨ ਬਾਈ ਖਜਾਨਚੀ, ਮਲਕੀਤ ਸਿੰਘ ਮੈਂਬਰ, ਕ੍ਰਿਸ਼ਨ ਸਿੰਘ ਗੁਰੂਸਰੀਆ ਸਾਬਕਾ ਪ੍ਰਧਾਨ, ਹਰਦੇਵ ਸਿੰਘ ਧਿੰਗੜ ਐਡਵੋਕੇਟ ਅਤੇ ਹਰਬੰਸ ਸਿੰਘ ਚਹਿਲ ਐਡਵੋਕੇਟ ਨੇ ਐੱਸ ਡੀ ਐੱਮ ਤਲਵੰਡੀ ਸਾਬੋ ਨੂੰ ਮੰਗ ਪੱਤਰ ਦੇ ਕੇ ਉਕਤ ਕਾਂਡ ਵਿਚ ਦੋਸ਼ੀ ਤਾਂਤਰਿਕਾਂ ‘ਤੇ ਕਤਲ ਦਾ ਮੁਕੱਦਮਾ ਦਰਜ ਕਰਨ ਅਤੇ ਅਜਿਹੇ ਜ਼ੁਰਮਾਂ ਨੂੰ ਨੱਥ ਪਾਉਣ ਲਈ ਮਹਾਂਰਾਸ਼ਟਰ ਸਰਕਾਰ ਦੀ ਤਰਜ਼ ‘ਤੇ ਸਖਤ ਕਾਨੂੰਨ ਬਣਾਉਣ ਦੀ ਜ਼ੋਰਦਾਰ ਮੰਗ ਕੀਤੀ ਹੈ। ਉਕਤ ਮਾਮਲੇ ਵਿੱਚ ਮਕਤੂਲ ਬੱਚਿਆਂ ਦੇ ਦਾਦੇ ਵਲੋਂ ਲਾਏ ਦੋਸ਼ਾਂ ਸੰਬੰਧੀ ਜਦੋਂ ਪੁਲਿਸ ਥਾਣਾ ਕੋਟ ਫੱਤਾ ਦੇ ਇੰਚਾਰਜ ਕ੍ਰਿਸ਼ਨ ਕੁਮਾਰ ਨਾਲ ਉਹਨਾਂ ਦੇ ਮੋਬਾਈਲ ‘ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਤਲਖੀ ਭਰੇ ਲਹਿਜ਼ੇ ‘ਚ ਕਿਹਾ ਕਿ ਅਸੀਂ ਉੱਥੋਂ ਕੀ ਚੁੱਕ ਲਿਆਉਂਦੇ ਜਦੋਂ ਉੱਥੇ ਸਾਨੂੰ ਕੋਈ ਰਾਖ ਜਾਂ ਹੋਰ ਚੀਜ਼ ਮਿਲੀ ਹੀ ਨਹੀਂ? ਜਦੋਂ ਕਿ ਮੁਖਤਿਆਰ ਸਿੰਘ ਨੇ ਇੱਕ ਸ਼ੀਸ਼ੀ ਵਿੱਚ ਬਚਿਆ ਹੋਇਆ ਕੁੱਝ ਤਰਲ ਪਦਾਰਥ ਅੱਜ ਵੀ ਮੀਡੀਆ ਨੂੰ ਵੀ ਦਿਖਾਇਆ ਹੈ।

WRITTEN BY